ਜਾਗੋ ਸਿੱਖ ਮੀਡੀਆ ਬਿਊਰੋ
ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ ਤਾਂ ਭਾਰਤੀ ਉਪ-ਮਹਾਂਦੀਪ ਨੂੰ ਕੌਮਾਂ ਦੇ ਆਧਾਰ ਤੇ ਵੰਡਣ ਦੀ ਗੱਲ ਚੱਲੀ। ਮੁਸਲਿਮ ਲੀਗ ਵੱਲੋਂ ਮੁਸਲਮਾਨਾਂ ਦੇ ਮੁਲਕ ਪਾਕਿਸਤਾਨ ਦੀ ਮੰਗ ਕੀਤੀ ਗਈ ਅਤੇ ਕਾਂਗਰਸ ਦੀ ਹਿੰਦੂ ਲੀਡਰਸਿੱਪ ਵੱਲੋਂ ਹਿੰਦੂਸਤਾਨ ਦਾ ਦਾਅਵਾ ਰੱਖਿਆ ਗਿਆ। ਹਿੰਦੂ ਲੀਡਰਸਿੱਪ ਵੱਲੋਂ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਜਾ ਰਿਹਾ ਸੀ, ਤਾਂ ਉਸ ਵੇਲੇ ਦੀ ਸਿੱਖ ਲੀਡਰਸਿੱਪ ਨੇ ਭਾਰਤ ਦੀ ਆਜ਼ਾਦੀ ਤੋਂ ਪਹਿਲਾ ਅੰਗਰੇਜ਼ਾਂ ਅੱਗੇ ਇਹ ਖੁਦਮੁਖ਼ਤਿਆਰ ਸਿੱਖ ਸਟੇਟ ਦਾ ਦਾਅਵਾ ਪੇਸ਼ ਕੀਤਾ ਅਤੇ ਆਪਣੇ ਹੱਕ ਦੀ ਮੰਗ ਕੀਤੀ।
9 ਮਾਰਚ 1946 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਜੱਥੇਦਾਰ ਮੋਹਣ ਸਿੰਘ ਨਾਗੋਕੇ ਦੀ ਪ੍ਰਧਾਨਗੀ ਹੇਠ , ਐਸ.ਜੀ.ਪੀ.ਸੀ ਦੇ ਹੈਂਡਕਵਾਟਰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਬੁਲਾਇਆ ਗਿਆ। ਇਸ ਮੀਟਿੰਗ ‘ਚ ਐਸ.ਜੀ.ਪੀ.ਸੀ ਦੇ ਚੁਣੇ ਹੋਏ 80 ਮੈਂਬਰ ਸ਼ਾਮਲ ਹੋਏ।
ਖੁਦਮੁਖ਼ਤਿਆਰ ਸਿੱਖ ਸਟੇਟ ਦਾ ਮਤਾ
ਸਰਦਾਰ ਬਸੰਤ ਸਿੰਘ ਪਿੰਡ ਕੁੱਕੜ ਨੇ ਇਹ ਮਤਾ ਪੇਸ਼ ਕੀਤਾ :
ਭਾਰਤ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਅਨੁਸਾਰ ਇਸ ਖਿੱਤੇ ਦੀ ਕੌਮਾਂ ਦੇ ਅਧਾਰ ਤੇ ਹੋ ਰਹੀ ਵੰਡ ਦੇ ਚਲਦੇ ਸਿੱਖ ਪਹਿਚਾਣ ਨੂੰ ਬਚਾਉਣ ਲਈ ਫ਼ਿਕਰਮੰਦ ਹਾਂ;
1) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਐਲਾਨ ਕਰਦੀ ਹੈ ਕਿ ਸਿੱਖ ਇੱਕ ਵੱਖਰੀ ਕੌਮ ਹਨ।
2) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਵੱਖਰੀ ਸਿੱਖ ਸਟੇਟ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਤਾਂ ਕਿ ਸਿੱਖ ਧਾਰਮਿਕ ਅਸਥਾਨਾਂ ਨੂੰ ਬਚਾਇਆ ਜਾ ਸਕੇ , ਸਿੱਖ ਪ੍ਰੰਪਰਾਵਾਂ, ਸਿੱਖ ਆਤਮ ਸਨਮਾਨ ਅਤੇ ਮਾਣ, ਸਿੱਖ ਕੌਮ ਦੀ ਆਜ਼ਾਦੀ ਅਤੇ ਸਿੱਖਾਂ ਦੀ ਖੁਸ਼ਹਾਲੀ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੌਮ ਨੂੰ ਅਪੀਲ ਵੀ ਕੀਤੀ ਕਿ ਕੌਮੀ ਨਿਸ਼ਾਨੇ ਖੁਦਮੁਖਤਿਆਰ ਸਿੱਖ ਸਟੇਟ ਦੀ ਪ੍ਰਾਪਤੀ ਲਈ ਹਰ ਕੋਸ਼ਿਸ਼ ਕੀਤੀ ਜਾਵੇ।
ਇਹ ਮਤਾ ਸ: ਅਮਰ ਸਿੰਘ ਦੌਸਾਂਝ ਵੱਲੋਂ ਤਿਆਰ ਕੀਤਾ ਗਿਆ ਸੀ, ਉਹਨਾਂ ਇਜਲਾਸ ਨੂੰ ਸੰਬੋਧਨ ਹੁੰਦੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਚਲਦੇ, ਸਿੱਖ ਕੌਮ ਦੀ ਰੱਖਿਆ ਅਤੇ ਪ੍ਰਸਾਰ ਲਈ ਖੁਦਮੁਖਤਿਆਰ ਸਿੱਖ ਸਟੇਟ ਦੀ ਸਥਾਪਨਾ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਸਿੱਖ ਇੱਕ ਵੱਖਰੀ ਕੌਮ ਹਨ ਅਤੇ ਵੱਖਰੀ ਕੌਮ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਉਹਨਾਂ ਜ਼ੋਰ ਦੇ ਕਿਹਾ ਸਿੱਖਾਂ ਨੂੰ ਹਿੰਦੂ ਧਰਮ ਦੇ ਰੁੱਖ ਦੀ ਇੱਕ ਟਹਿਣੀ ਕਰਾਰ ਦੇਣਾ, ਸਿੱਖਾਂ ਦੀ ਪਛਾਣ ਨੂੰ ਬਦਨਾਮ ਕਰਨ ਅਤੇ ਹਿੰਦੂ ਧਰਮ ‘ਚ ਰਲਾ ਲੈਣ ਦੀ ਚਾਲ ਹੈ। ਸਿੱਖ ਕਿਸੇ ਹੋਰ ਕੌਮ ਦੇ ਗੁਲਾਮ ਰਹਿ ਕੇ ਤਰੱਕੀ ਨਹੀਂ ਕਰ ਸਕਦੇ। ਸਾਡੀ ਘੱਟ ਗਿਣਤੀ ਨੂੰ ਸਾਡੇ ਵੱਖਰੀ ਰਾਜ ਦੇ ਸਥਾਪਨਾ ‘ਚ ਰੋੜਾ ਨਹੀਂ ਬਣਾਇਆ ਜਾ ਸਕਦਾ । ਅਸੀਂ ਵੀ ਆਪਣੀ ਆਜ਼ਾਦੀ ਦਾ ਪੂਰਾ ਹੱਕ ਰੱਖਦੇ ਹਾਂ ਜਿਵੇਂ ਬਹੁਗਿਣਤੀ ਭਾਈਚਾਰੇ ਰੱਖਦੇ ਹਨ।
ਕਰਤਾਰ ਸਿੰਘ ਝੱਬਰ ਨੇ ਵੀ ਇਸ ਮਤੇ ‘ਤੇ ਆਪਣੀ ਸਹਿਮਤੀ ਦਿੱਤੀ ਸੀ। ਸਾਰੇ ਮੈਂਬਰ ਨੇ ਹੱਥ ਖੜੇ ਕਰਕੇ ਮਤਾ ਪਾਸ ਕੀਤਾ ।
ਜੱਥੇਦਾਰ ਮੋਹਣ ਸਿੰਘ ਨਾਗੋਕੇ-ਪ੍ਰਧਾਨ , ਸ:ਬੇਅੰਤ ਸਿੰਘ, ਅਮਰ ਸਿੰਘ ਦੌਸਾਂਝ, ਗੁਰਦਿੱਤ ਸਿੰਘ ਜਾਂਗ ਮਾਗਹੀਨਾ, ਗੁਰਦਿਆਲ ਸਿੰਘ ਰਾਜੂਆਣਾ, ਸੋਹਣ ਸਿੰਘ ਜਲਾਲ ਉਸਰਾਮ, ਵਜ਼ੀਰ ਸਿੰਘ ਮੌਟਗੋਮੈਰੀ, ਸੰਤਾ ਸਿੰਘ ਭੰਗਾਲੀ ਇਹ ਸਾਰੇ ਮੈਂਬਰਾਂ ਨੇ ਦਸਤਖ਼ਤ ਕੀਤੇ।
Comments
Post a Comment