ਸਿੱਖ ਨੌਜਵਾਨ ਫਿਰ ਹੋਇਆ ਨਸਲੀ ਵਿਤਕਰੇ ਦਾ ਸ਼ਿਕਾਰ, ਨਹੀਂ ਵੇਖਣ ਦਿੱਤਾ ਟੈਨਿਸ ਟੂਰਨਾਮੈਂਟ ਲੰਡਨ: (ਜਾਗੋ ਸਿੱਖ ਮੀਡੀਅਾ)ਸੰਸਾਰ ਭਰ ਵਿੱਚ ਆਪਣੀ ਨਿਵੇਕਲੀ ਪਛਾਣ ਅਤੇ ਨਿਵੇਕਲੇ ਸਿੱਖੀ ਸਰੂਪ ਕਰਕੇ ਸਿੱਖਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਿਨਾਂ ਸ਼ੱਕ ਸਿੱਖਾਂ ਨੇ ਇਸ ਮਾਮਲੇ ਸਿੱਖ ਪਛਾਣ ਪ੍ਰਤੀ ਦੁਨੀਆਂ ਨੂੰ ਜਾਗਰੂਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਗਾਹੇ ਬਗਾਹੇ ਸਿੱਖਾਂ ਨੂੰ ਨਸਲੀ ਨਫਰਤ ਦਾ ਨਿਸ਼ਾਨਾਂ ਬਣਾ ਹੀ ਲਿਆ ਜਾਂਦਾ ਹੈ। ਸਿੱਖਾਂ ਨਾਲ ਨਸਲੀ ਨਫਰਤ ਦੀ ਅਜਿਹੀ ਹੀ ਇੱਕ ਮਿਸਾਲ ਟੈਨਸ ਟੂਰਨਾਮੇਂਟ ਦੋਰਾਨ ਵਾਪਰੀ। ਬੀਤੇ ਹਫ਼ਤੇ ਹੋਏ ਵਿੰਬਲਡਨ ਟੈਨਿਸ ਟੂਰਨਾਮੈਂਟ ਮੌਕੇ ਇਕ ਦਸਤਾਰਧਾਰੀ 20 ਸਾਲਾ ਸਿੱਖ ਨੂੰ ਲਾਈਨ ‘ਚੋਂ ਸੁਰੱਖਿਆ ਕਰਮਚਾਰੀਆਂ ਵੱਲੋਂ ਬਾਹਰ ਕੱਢਣ ਦੀ ਖ਼ਬਰ ਹੈ । ਖ਼ਬਰ ਅਨੁਸਾਰ ਸਿੱਖ ਲੜਕੇ ‘ਤੇ ਦੋਸ਼ ਸਨ ਕਿ ਉਹ ਲਾਈਨ ਵਿਚ ਲੱਗੇ ਹੋਰਨਾਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ । ਟੈਨਿਸ ਨੂੰ ਪਿਆਰ ਕਰਨ ਵਾਲੇ ਇਸ ਸ਼ਖਸ ਦੀ ਪਹਿਚਾਣ ਗੁਪਤ ਰੱਖੀ ਗਈ ਹੈ । ਇਸ ਘਟਨਾ ਦਾ ਖੁਲਾਸਾ ਫੇਸਬੁੱਕ ‘ਤੇ ਕੀਤਾ ਗਿਆ ਹੈ । ਲੋਕਾਂ ਵਲੋਂ ਇਸ ਨੂੰ ਨਸਲਵਾਦ ਕਹਿੰਦਿਆਂ ਸੁਰੱਖਿਆ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਜਾ ਰਿਹਾ ਹੈ । ਖੇਡ ਪ੍ਰੇਮੀ ਦਸਤਾਰਧਾਰੀ ਸਿੱਖ ਨੇ ਕਿਹਾ ਕਿ ਉਹ ਸ਼ਾਂਤੀਪੂਰਵਕ ਗਰਾਉਂਡ ਵਿਚ ਜਾਣ ਦੀ ਉਡੀਕ ਕਰ ਰਿਹਾ ਸੀ । ਇਥੋਂ ਦੇ ਅੰਗਰੇਜ਼ੀ ਅਖਬਾਰ ਮੈਟਰੋ ਅਨੁਸਾਰ ਸਿੱਖ ਲੜਕਾ ਖੁਦ ਨੂੰ ਡਰਿਆ ਮਹਿਸੂਸ ਕਰ ਰਿਹਾ ਸੀ, ਲੜਾਈ ਦੇ ਡਰੋਂ ਉਹ ਚੁੱਪ ਚਾਪ ਵਾਪਸ ਚਲਾ ਗਿਆ । ਸਿੱਖ ਲੜਕੇ ਨੇ ਕਿਹਾ ਕਿ ਉਹ ਕਦੇ ਵੀ ਮੁੜ ਇਥੇ ਨਹੀਂ ਜਾਵੇਗਾ, ਜਦਕਿ ਇਹ ਉਸ ਦਾ ਪਸੰਦੀਦਾ ਟੂਰਨਾਮੈਂਟ ਹੈ । ਉਸ ਨੇ ਕਿਹਾ ਕਿ ਲਾਈਨ ‘ਚ ਲੱਗੇ ਹੋਏ ਬਾਕੀ ਲੋਕਾਂ ਨਾਲ ਉਸ ਨੇ ਗੱਲਬਾਤ ਕੀਤੀ ਹੈ ਕਿਸੇ ਨੇ ਵੀ ਕੁਝ ਗਲਤ ਨਹੀਂ ਕਿਹਾ ।

Comments