ਅੱਜ ਵੀ ਹੈ, ਖਾਲਸੇ ਦਰਬਾਰ ਦੀ ਲੋੜ… -ਜਸਪਾਲ ਸਿੰਘ ਹੇਰਾਂ (ਜਾਗੋ ਸਿੱਖ ਮੀਡੀਅਾ)ਪੰਥ ਤੇ ਪੰਥਕ ਜਥੇਬੰਦੀਆਂ ਦੀ ਚਰਚਾ ਅੱਜ ਅਸੀਂ ਇਸ ਕਾਰਣ ਕਰ ਰਹੇ ਹਾਂ ਕਿ ਅੱਜ ਦੇ ਦਿਨ 28 ਜੁਲਾਈ 1932 ਨੂੰ ਸਿੱਖਾਂ ਨੇ ਅੰਗਰੇਜ਼ ਸਰਕਾਰ ਦੀਆਂ ਜ਼ੁਲਮੀ, ਜਾਬਰ ਤੇ ਘਾਤਕ ਨੀਤੀਆਂ ਵਿਰੁੱਧ ਠੋਸ ਸਿੱਖ ਏਕਤਾ ਦਾ ਸਬੂਤ ਦਿੰਦਿਆਂ ਸਾਰੀਆਂ ਸਿੱਖ ਜਥੇਬੰਦੀਆਂ ਦੀ ਇਕ ਸਾਂਝੀ ਜਥੇਬੰਦੀ ‘ਖਾਲਸਾ ਦਰਬਾਰ’ ਦੇ ਨਾ ਹੇਠ ਖੜੀ ਕੀਤੀ ਸੀ ਅਤੇ ਸਿੱਖਾਂ ਦੀ ਇਸ ਏਕਤਾ ਕਾਰਣ ਅੰਗਰੇਜ਼ ਸਰਕਾਰ ਨੂੰ ਹੱਥ-ਪੈਰਾਂ ਦੀ ਪੈ ਗਈ ਕਿਉਂਕਿ ਇਸ ਜਥੇਬੰਦੀ ਵੱਲੋਂ ਸਿੱਖ ਹਿੱਤਾਂ ਦੀ ਰਾਖ਼ੀ ਲਈ ਇਕ ਲੱਖ ਮਰਜੀਵੜੇ ਸਿੱਖਾਂ ਦਾ ਸ਼ਹੀਦੀ ਜਥਾ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸਦੀ ਪੂਰਤੀ ਸਿੱਖਾਂ ’ਚ ਹੋਏ ਏਕੇ ਕਾਰਣ ਅੰਗਰੇਜ਼ਾਂ ਨੂੰ ਵੀ ਸੰਭਵ ਲੱਗਣ ਲੱਗ ਪਈ ਸੀ। ਗੁਰੂ ਨਾਨਕ ਸਾਹਿਬ ਨੇ ਇਸ ਨਿਰਮਲੇ ਪੰਥ ਦੀ ਸਥਾਪਨਾ ਕੀਤੀ, ਦਸ ਗੁਰੂ ਸਾਹਿਬਾਨ ਨੇ ਇਸ ਪੰਥ ਨੂੰ ਅਨੁਸ਼ਾਸਿਤ ਕੀਤਾ ਤੇ ਦਸਮੇਸ਼ ਪਿਤਾ ਨੇ ਇਸ ਪੰਥ ਨੂੰ ‘ਸਿਰਦਾਰੀ’ ਬਖ਼ਸ ਦਿੱਤੀ। ਇਹੋ ਕਾਰਣ ਹੀ ਸੀ ਕਿ ਸਦੀਆਂ ਤੋਂ ਬੇਗ਼ੈਰਤੀ ਦੀ ਚਾਦਰ ਤਾਣ ਕੇ ਸੁੱਤੇ ਇਸ ਦੇਸ਼ ਦੇ ਲੋਕਾਂ ਨੂੰ, ਪੰਜਾਬ ’ਚੋਂ ਗੂੰਜੀ ਇਸ ਅਣਖੀਲੀ ਵੰਗਾਰ ਨੇ ਝੰਜੋੜ ਕੇ ਜਗਾਇਆ ਅਤੇ ਉਹ ਸੰਤ ਸਿਪਾਹੀਆਂ ਦੇ ਇਸ ਨਵੇਂ ਕਾਫ਼ਲੇ ਦੀਆਂ ਪੈੜਾਂ ਨੂੰ ਸਿਜਦਾ ਕਰਦੀ ਹੋਈ, ਸਿੱਖ ਪੰਥ ਦੇ ਪਿੱਛੇ-ਪਿੱਛੇ ਤੁਰ ਪਈ। ਖਾਲਸਾ, ਕਲਿਆਣਕਾਰੀ ਵਿਸ਼ਵ ਵਿਆਪੀ ਹਲੀਮੀ ਰਾਜ ਦੀ ਕਾਇਮੀ ਲਈ ਸਿਰਜਿਆ ਗਿਆ, ਇਸ ਲਈ ਖਾਲਸੇ ਦਾ ਜਥੇਬੰਦਕ ਹੋਣਾ, ਗੁਰੂ ਦੇ ਆਸ਼ੇ ਅਨੁਸਾਰ ਸਾਂਝਾ ਹੰਭਲਾ ਮਾਰਨਾ, ਉਸਦੀ ਬੁਨਿਆਦ ਸੀ। ਪੰਥ ਦੀ ਚੜਦੀ ਕਲਾਂ ਲਈ ਅਤੇ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਸਾਹਮਣੇ ਲਈ ਖਾਲਸੇ ਨੂੰ ਜਥੇਬੰਦ ਹੋ ਕੇ ਅਨੇਕਾਂ ਲੜਾਈਆਂ ਲੜੀਆਂ ਅਤੇ ਜਿੱਤੀਆਂ, ਭਾਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 800 ਸਾਲ ਤੋਂ ਸਥਾਪਿਤ ਮੁਗ਼ਲ ਰਾਜ ਦੀਆਂ ਜੜਾਂ ਪੁੱਟ ਕੇ ‘ਖਾਲਸਾ ਰਾਜ’ ਦੀ ਸਥਾਪਤੀ ਸੀ, ਚਾਹੇ ਸਿੰਘਾਂ ਦਾ ਦਿੱਲੀ ਤੇ ਕਬਜ਼ਾ ਸੀ, ਚਾਹੇ ਮਹਾਰਾਜਾ ਰਣਜੀਤ ਸਿੰਘ ਵਾਲਾ ਸਿੱਖ ਰਾਜ ਸੀ, ਚਾਹੇ ਵਰਤਮਾਨ ਸਮੇਂ ’ਚ ਅੰਗਰੇਜ਼ਾਂ ਤੋਂ ਲੈ ਕੇ ਜ਼ਹਿਰੀਲੀ ਫਿਰਕੂ ਸੋਚ ਵਾਲੀਆਂ ਹਿੰਦੂਵਾਦੀ ਤਾਕਤਾਂ ਨਾਲ ਨਿਰੰਤਰ ਟੱਕਰ ਸੀ ਅਤੇ ਚਾਹੇ ਪਾਖੰਡਵਾਦ ਤੇ ਡੇਰਾਵਾਦ ਵਿਰੁੱਧ ਜੰਗ ਸੀ, ਸਿੱਖਾਂ ਨੇ ਜਥੇਬੰਦ ਹੋ ਕੇ ਸੰਘਰਸ਼ ਲੜਿਆ, ‘‘ਪੰਜਾਬ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ’ ਅਨੁਸਾਰ ਸਿੱਖਾਂ ਨੂੰ ਆਏ ਦਿਨ ਸਿੱਖ ਦੁਸ਼ਮਣ ਤੇ ਇਨਸਾਨੀਅਤ ਵਿਰੋਧੀ ਤਾਕਤਾਂ ਨਾਲ ਟੱਕਰ ਲੈਣੀ ਪਈ ਅਤੇ ਸਿੱਖਾਂ ਨੇ ਜਥੇਬੰਦਕ ਰੂਪ ’ਚ ਹਰ ਵੰਗਾਰ ਦਾ, ਹਰ ਚੁਣੌਤੀ ਦਾ ਡੱਟ ਕੇ ਸਾਹਮਣਾ ਕੀਤਾ। ਪ੍ਰੰਤੂ ਅੱਜ ਜਦੋਂ ਅਸੀਂ ਪੰਥਕ ਜਥੇਬੰਦੀਆਂ ਦੀ ਗੱਲ ਕਰਦੇ ਹਾਂ ਤਾਂ ਪੰਥਕ ਜਥੇਬੰਦੀਆਂ ਦੀ ਪੁਰਾਤਨ ਸਮੇਂ ’ਚ ਦੇਣ ਅਤੇ ਅੱਜ ਹੋ ਰਹੀ ਕੁੱਕੜਖੋਹ ਤੇ ਭਰਾ-ਮਾਰੂ ਜੰਗ ਨੂੰ ਵੇਖਦਿਆਂ, ਸਿਰਫ਼ ਤੇ ਸਿਰਫ਼ ਨਿਰਾਸ਼ਾ ਹੁੰਦੀ ਹੈ। ਅੱਜ ਪੰਥਕ ਜਥੇਬੰਦੀਆਂ ਖੱਖੜੀਆਂ-ਕਰੇਲੇ ਹਨ, ਚੌਧਰ ਦੀ ਭੁੱਖ ਹਰ ਪਾਸੇ ਭਾਰੂ ਹੈ, ਹੳੂਮੈ ਅਤੇ ਨਿੱਜੀ ਈਰਖਾ ਹਰ ਛੋਟੇ-ਵੱਡੇ ਸਿੱਖ ਆਗੂ ਦੇ ਸਿਰ ਚੜੀ ਹੋਈ ਹੈ, ਜਿਸ ਕਾਰਣ ਉਹ ਪੰਥਕ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਾਂਝਾ ਸੰਘਰਸ਼ ਵਿੱਢਣ ਤੋਂ ਬੁਰੀ ਤਰਾਂ ਫੇਲ ਹਨ, ਜੇ ਪਾਸ ਹਨ ਤਾਂ ਇਕ ਦੂਜੇ ਦੀਆਂ ਪੱਗਾਂ ਲਾਹੁੰਣ ਤੇ ਲੱਤਾਂ ਖਿੱਚਣ ’ਚ ਪਾਸ ਹਨ। ਅੱਜ ‘‘ਮੈਂ ਮਰਾਂ ਪੰਥ ਜੀਵੈ’’ ਦੀ ਭਾਵਨਾ ਉੱਡ-ਪੁੱਡ ਚੁੱਕੀ ਹੈ। ਮੈਂ ਹੀ ਮੈਂ ਦੀ ਹੳੂਮੈ ਨਾਲ ਗੜੱਚ ਭਾਵਨਾ ਹਰ ਪਾਸੇ ਪ੍ਰਧਾਨ ਹੋਈ ਫਿਰਦੀ ਹੈ। ਪੰਥਕ ਜਥੇਬੰਦੀਆਂ ਸਾਂਝਾ ਮਿਸ਼ਨ ਤੇ ਨਿਸ਼ਾਨਾ ਮਿੱਥਣ ’ਚ ਏਕਾ ਨਾ ਹੋਣ ਕਾਰਣ ਸਫ਼ਲ ਨਹੀਂ ਹੋ ਰਹੀਆਂ। ਇਸੇ ਦੀ ਤਾਜ਼ਾ ਉਦਾਹਰਣ ਸਾਡੇ ਅੱਗੇ ਬਰਗਾੜੀ ਕਾਂਡ ਹੈ। ਗੁਰੂ ਦੇ ਨਾਮ ’ਤੇ ਸ਼ੁਰੂ ਹੋਇਆ ਸੰਘਰਸ਼ ਵੀ ਜੇ ਅੱਜ ਗੁਰੂ ਦੇ ਸਿੱਖਾਂ ਨੂੰ ਭੁੱਲ ਗਿਆ ਤਾਂ ਫ਼ਿਰ ਅਸੀਂ ਖ਼ੁਦ ਆਪਣੇ ਮਨ ਅੰਦਰ ਝਾਤੀ ਮਾਰ ਕੇ ਵੇਖ ਸਕਦੇ ਹਾਂ, ਕਿ ਅੱਜ ਪੰਥ ਅਤੇ ਪੰਥਕ ਜਥੇਬੰਦੀਆਂ ਕਿਸ ਮੁਕਾਮ ’ਤੇ ਹਨ। ਅੱਜ ਗੁਰੂ ਦਾ ਆਪਣਾ ਸਿੱਖ ਗੁਰੂ ਨੂੰ ਭੁੱਲ ਕੇ ਸਿਰਫ਼ ਤੇ ਸਿਰਫ਼ ਸੁਆਰਥ ਦੇ ਪਿੱਛੇ ਹੈ। ਤਾਂ ਹੀ ਸ਼ਾਇਦ ਉਸ ਨੂੰ ਆਪਣੇ ਗੁਰੂ ਦੇ ਨਾਲ ਹੋ ਰਹੇ ਇਸ ਦੁਰਵਿਵਹਾਰ ਨਾਲ ਕੋਈ ਫ਼ਰਕ ਨਹੀਂ ਪੈ ਰਿਹਾ। ਅੱਜ ਸਿੱਖ ਸਿਆਸਤ ਦੇ ਵੇਹੜੇ ’ਚ ਪੂਰੀ ਤਰਾਂ ਖਲਾਅ ਹੈ, ਕੌਮ ਤੇ ਚਾਰੇ ਪਾਸਿਆਂ ਤੋਂ ਹਮਲੇ ਹੋ ਰਹੇ ਹਨ, ਪ੍ਰੰਤੂ ਉਨਾਂ ਦਾ ਹਮਲਿਆਂ ਦਾ ਮੂੰਹ ਤੋੜਵਾ ਜਵਾਬ ਦੇਣ ਵਾਲਾ ਕੋਈ ਨਹੀਂ। ਪਾਖੰਡਵਾਦ, ਡੇਰਾਵਾਦ ਕੌਮ ਦੇ ਸਿਰ ਚੜ ਚੁੱਕਾ ਹੈ, ਪ੍ਰੰਤੂ ਲਾਹੁੰਣ ਵਾਲਾ ਕੋਈ ਨਹੀਂ ਹੈ। ਅੱਜ ਜਦੋਂ ਅਸੀਂ ‘ਖਾਲਸਾ ਦਰਬਾਰ’ ਦੀ ਸਥਾਪਨਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਸਮੇਂ ਦੇ ਸਿੱਖ ਆਗੂਆਂ ਦੀ ਕੌਮ ਨੂੰ ਸਮਰਪਿਤ ਭਾਵਨਾ ਦੀ ਦਾਦ ਵੀ ਦੇਣੀ ਪਵੇਗੀ, ਜਿਨਾਂ ਲਈ ਚੌਧਰ, ਪ੍ਰਧਾਨਗੀ ਦੀ ਥਾਂ ‘ਪੰਥ ਦੀ ਚੜਦੀ ਕਲਾ’ ਅੱਗੇ ਸੀ। ਅੱਜ ਪੰਥਕ ਜਥੇਬੰਦੀਆਂ ਵੀ ਆਮ ਸਿਆਸੀ ਜਥੇਬੰਦੀਆਂ ਵਾਗੂੰ ਵੋਟ ਰਾਜਨੀਤੀ, ਸੱਤਾ ਲਾਲਸਾ, ਤੋਰੀ-ਫੁਲਕਾ ਚਲਾਉਣ ਨੂੰ ਪਹਿਲ ਦਿੰਦੀਆਂ ਹਨ, ਜਿਸ ਕਾਰਣ ਪੰਥ ਦਰਦੀਆਂ ’ਚ ਨਿਰਾਸ਼ਾ ਫੈਲਦੀ ਜਾ ਰਹੀ ਹੈ। ਉਨਾਂ ਨੂੰ ਕੌਮ ਬਾਂਹ ਫੜਨ ਵਾਲਾ ਹੀ ਕੋਈ ਵਿਖਾਈ ਨਹੀਂ ਦਿੰਦਾ। ਪੰਥ ਦੀ ਸਭ ਤੋਂ ਵੱਡੀ ਜਥੇਬੰਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਕੌਮ ਨੂੰ ਨਿਰਾਸ਼ਤਾ ਹੋਣ ਲੱਗ ਪਈ ਹੈ। ਆਖ਼ਰ ਜਦੋਂ ਕੌਮ ਜਥੇਬੰਦਕ ਤੌਰ ਤੇ ਨਿਰਬਲ ਹੋ ਜਾਵੇ, ਸਿਧਾਂਤਾਂ ਦਾ ਪੱਲਾ ਛੱਡ ਦੇਵੇ, ਫਿਰ ਉਸ ਕੌਮ ’ਚ ਚੜਦੀ ਕਲਾ ਦਾ ਜਜ਼ਬਾ ਬਾਕੀ ਕਿਵੇਂ ਰਹਿ ਸਕਦਾ ਹੈ। ਅਸੀਂ ਚਾਹੁੰਦੇ ਹਾਂ ਕਿ ਕੌਮ ਤੇ ਹੋ ਰਹੇ ਅੰਦਰੂਨੀ ਤੇ ਬਾਹਰੀ ਹਮਲਿਆਂ ਦੀ ਰੋਕਥਾਮ ਅਤੇ ਉਨਾਂ ਦਾ ਠੋਕਵਾਂ ਜਵਾਬ ਦੇਣ ਲਈ ਕੌਮ ਇਕਜੁੱਟ ਹੋਵੇ ਅਤੇ ਅਜਿਹੀ ਜਥੇਬੰਦੀ ਜਿਹੜੀ ਪੁਰਾਤਨ ਸਿੰਘ ਦੇ ਜਜ਼ਬਿਆਂ ਦੀ ਪੂਰਤੀ ਕਰਦੀ ਹੋਈ, ਕੌਮ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇ ਸਕੇ, ਉਸ ਦੀ ਮਜ਼ਬੂਤ ਸਥਾਪਤੀ ਕੀਤੀ ਜਾਵੇ।

Comments