ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਦੋਸ਼ੀ ਨੂੰ ਮਾਰਨ ਵਾਲੇ ਸਿੰਘਾਂ ਨੇ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਲੁਧਿਆਣਾ:(ਜਾਗੋ ਸਿੱਖ ਮੀਡੀਅਾ ਬਿਓੂਰੋ) ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਦੋਸ਼ੀ ਬਲਵਿੰਦਰ ਕੌਰ ਨੂੰ ਮਾਰਨ ਵਾਲੇ ਦੋਵਾ ਸਿੱਖ ਨੌਜਵਾਨਾਂ ਨੇ ਅੱਜ ਇੱਥੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਅਤੇ ਅਦਾਲਤ ਵੱਲੋਂ ਇਨ੍ਹਾਂ ਦੋਵਾਂ ਦਾ 3 ਅਗਸਤ ਤੱਕ ਪੁਲਿਸ ਰਿਮਾਂਡ ਦੇ ਦਿੱਤਾ । 26 ਜੁਲਾਈ ਨੂੰ ਪਿੰਡ ਆਲਮਗੀਰ ਵਿਚ ਪਿੰਡ ਘਵੱਦੀ ਵਾਸੀ ਬਲਵਿੰਦਰ ਕੌਰ ਨੂੰ ਗੋਲੀਆਂ ਮਾਰ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ । ਬਲਵਿੰਦਰ ਕੌਰ ਖਿਲਾਫ਼ ਪਿਛਲੇ ਸਾਲ ਪੁਲਿਸ ਨੇ ਪਿੰਡ ਘਵੱਦੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਸੀ । ਅਜੇ ਕੁਝ ਦਿਨ ਪਹਿਲਾਂ ਹੀ ਇਹ ਔਰਤ ਜ਼ਮਾਨਤ ‘ਤੇ ਬਾਹਰ ਆਈ ਸੀ । ਗੁਰਪ੍ਰੀਤ ਸਿੰਘ ਅਤੇ ਨਿਹਾਲ ਸਿੰਘ ਨੂੰ ਅਦਾਲਤ ਵਿੱਚੋਂ ਲੈਕੇ ਜਾਂਦੀ ਪੁਲਿਸ ਪੁਲਿਸ ਵੱਲੋਂ ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਵਾਸੀ ਪਿੰਡ ਜਾਗੋਵਾਲ ਸੰਗਰੂਰ ਅਤੇ ਉਸ ਦੇ ਸਾਥੀ ਨਿਹਾਲ ਸਿੰਘ ਉਰਫ਼ ਜਸਪ੍ਰੀਤ ਸਿੰਘ ਵਾਸੀ ਪਟਿਆਲਾ ਨੂੰ ਨਾਮਜ਼ਦ ਕਰਕੇ ਇਨ੍ਹਾਂ ਦੋਵਾਂ ਖਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ । ਪੁਲਿਸ ਦਾ ਕਹਿਣਾ ਸੀ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਗੁਰਦੁਆਰਾ ਰੋਡ ‘ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੇ ਆਧਾਰ ‘ਤੇ ਨਾਮਜ਼ਦ ਕੀਤਾ ਗਿਆ ਹੈ । ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਇਨ੍ਹਾਂ ਦੋਵਾਂ ਨੇ ਬਲਵਿੰਦਰ ਕੌਰ ਨੂੰ ਉਸ ਦਾ ਕੇਸ ਜਲਦ ਖਤਮ ਕਰਵਾਉਣ ਦਾ ਕਹਿ ਕੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਬੁਲਾਇਆ ਸੀ ਅਤੇ ਕੁਝ ਮਿੰਟ ਦੀ ਗੱਲਬਾਤ ਕਰਨ ਉਪਰੰਤ ਇਨ੍ਹਾਂ ਨੇ ਬਲਵਿੰਦਰ ਕੌਰ ਨੂੰ ਗੋਲੀ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਹ ਮੌਕੇ ‘ਤੇ ਹੀ ਦਮ ਤੋੜ ਗਈ । ਨਿਹਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਅੱਜ ਦੁਪਹਿਰ ਬਾਅਦ ਮਾਣਯੋਗ ਜੱਜ ਮੈਡਮ ਲਵਜਿੰਦਰ ਕੌਰ ਦੀ ਅਦਾਲਤ ਵਿਚ ਆਏ ਅਤੇ ਉਥੇ ਉਨ੍ਹਾਂ ਦੇ ਵਕੀਲ ਨੇ ਮਾਣਯੋਗ ਜੱਜ ਨੂੰ ਪੁਲਿਸ ਵੱਲੋਂ ਦੋਵਾਂ ਨੂੰ ਨਾਮਜ਼ਦ ਕਰਨ ਬਾਰੇ ਜਾਣਕਾਰੀ ਦਿੱਤੀ, ਜਿਸਤੇ ਅਦਾਲਤ ਵੱਲੋਂ ਸਰਕਾਰੀ ਵਕੀਲ ਨੂੰ ਸੂਚਿਤ ਕੀਤਾ ਗਿਆ । ਸਰਕਾਰੀ ਵਕੀਲ ਨੇ ਅਦਾਲਤ ਵਿਚ ਦੱਸਿਆ ਕਿ ਇਹ ਦੋਵੇਂ ਪੁਲਿਸ ਨੂੰ ਬਲਵਿੰਦਰ ਕੌਰ ਦੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਹਨ ਅਤੇ ਕਤਲ ਸਬੰਧੀ ਪੁਲਿਸ ਨੂੰ ਇਨ੍ਹਾਂ ਦੋਵਾਂ ਪਾਸੋਂ ਹੋਰ ਜਾਣਕਾਰੀ ਹਾਸਿਲ ਕਰਨੀ ਹੈ, ਜਿਸ ਲਈ ਇਨ੍ਹਾਂ ਦੇ ਪੁਲਿਸ ਰਿਮਾਂਡ ਦੀ ਜ਼ਰੂਰਤ ਹੈ । ਭਾਵੇਂ ਪੁਲਿਸ ਰਿਮਾਂਡ ਨੂੰ ਲੈ ਕੇ ਸਰਕਾਰੀ ਵਕੀਲ ਅਤੇ ਸਫਾਈ ਪੱਖ ਦੇ ਵਕੀਲਾਂ ਵਿਚਾਲੇ ਜ਼ੋਰਦਾਰ ਬਹਿਸ ਹੋਈ, ਪਰ ਮਾਣਯੋਗ ਜੱਜ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਦੋਵਾਂ ਦਾ ਤਿੰਨ ਅਗਸਤ ਤੱਕ ਪੁਲਿਸ ਰਿਮਾਂਡ ਦੇ ਦਿੱਤਾ ।

Comments