Skip to main content
ਮੋਦੀ ਦਾ ਭਾਰਤ ਕਿਸ ਦਿਸ਼ਾ ਵੱਲ ?
-ਡਾ. ਅਮਰਜੀਤ ਸਿੰਘ ਵਾਸ਼ਿੰਗਟਨ ( ਜਾਗੋ ਸਿੱਖ ਮੀਡੀਅਾ)
ਭਾਰਤ ਵਿਚ ਪਿਛਲੇ ਕੁੱਝ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਜਿੱਥੇ ਸਪਸ਼ਟ ਕਰਦੀਆਂ ਹਨ ਕਿ ਭਾਰਤ ‘ਹਿੰਦੂ ਰਾਸ਼ਟਰ’ ਬਣਨ ਵੱਲ ਵਧ ਰਿਹਾ ਹੈ, ਉੱਥੇ ਇਨ੍ਹਾਂ ‘ਚੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਭਾਰਤੀ ਸਮਾਜ ਇੱਕ ਸੁੱਕੇ ਬਾਰੂਦ ਦੇ ਢੇਰ ‘ਤੇ ਖੜ੍ਹਾ ਹੈ ਅਤੇ ਸਿਵਲ-ਵਾਰ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਗੁਜਰਾਤ ਦੇ ਸੁਰਿੰਦਰ ਨਗਰ ਜ਼ਿਲ੍ਹੇ ਦੇ ਮੋਟਾ ਸਮਾਧੀਵਾਲਾ ਪਿੰਡ ਵਿਚ ‘ਗੌ ਰਕਸ਼ਾ ਦਲ’ ਦੇ ਵਰਕਰਾਂ ਨੇ 4 ਦਲਿਤ ਨੌਜਵਾਨਾਂ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਆਪਣੀ ਉਪਜੀਵਕਾ ਲਈ ਉਹ ਮਰੀਆਂ ਹੋਈਆਂ ਗਾਵਾਂ ਦੀ ਚਮੜੀ ਉਧੇੜ ਰਹੇ ਸਨ।
ਇਸ ਮਾਰਕੁੱਟ ਦੀ ਵੀਡੀਓ ਵਾਇਰਲ ਹੋਣ ‘ਤੇ ਭਾਰਤ ਭਰ ਵਿਚ ਤੂਫ਼ਾਨ ਉੱਠ ਖੜ੍ਹਾ ਹੋਇਆ। ਥਾਂ-ਥਾਂ ਰੋਸ ਵਿਖਾਵੇ ਹੋਏ ਅਤੇ ਹਿੰਦੂਤਵਾ ਦੀ ਵਿਚਾਰਧਾਰਾ ਦੇ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਹੋਈ। ਇਸ ਤੋਂ ਪਹਿਲਾਂ ਯੂ. ਪੀ. ਵਿਚ ਬੀਜੇਪੀ ਦੇ ਇੱਕ ਪ੍ਰਮੁੱਖ ਨੇਤਾ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਸਬੰਧੀ ਬੋਲੀ ਗਈ ਕੋਝੀ ਸ਼ਬਦਾਵਲੀ ਨੂੰ ਲੈ ਕੇ ਪਹਿਲਾਂ ਹੀ ਯੂ. ਪੀ. ਵਿਚ ਰੋਸ ਵਿਖਾਵੇ ਹੋ ਰਹੇ ਸਨ। ਗੁਜਰਾਤ ਦੀ ਘਟਨਾ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ।
18 ਜੁਲਾਈ ਨੂੰ ਸੁਰਿੰਦਰ ਨਗਰ ਜ਼ਿਲ੍ਹੇ ਦੇ ਡਿਸਟ੍ਰਿਕਟ ਦੇ ਦਫ਼ਤਰ ਦੇ ਬਾਹਰ ਦਲਿਤਾਂ ਨੇ ਰੋਸ ਵਿਖਾਵਾ ਕੀਤਾ ਅਤੇ ਨਾਲ ਹੀ ਬਹੁਤ ਸਾਰੀਆਂ ਮਰੀਆਂ ਹੋਈਆਂ ਗਾਵਾਂ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਸੁੱਟ ਦਿੱਤੀਆਂ ਗਈਆਂ। ਦਲਿਤਾਂ ਵੱਲੋਂ ਇਹ ਇੱਕ ਅਨੋਖੀ ਤਰ੍ਹਾਂ ਦਾ ਹਿੰਦੂਤਵੀਆਂ ਨੂੰ ਚੈਲੰਜ ਸੀ, ਜਿਸ ਨੂੰ ਉਨ੍ਹਾਂ ਨੇ ਛਾਤੀ ‘ਤੇ ਪੱਥਰ ਰੱਖ ਕੇ ਕਿਵੇਂ ਬਰਦਾਸ਼ਤ ਕੀਤਾ, ਇਹ ਸਮਝਣ ਤੋਂ ਬਾਹਰ ਹੈ। ਇਨ੍ਹਾਂ ਦਲਿਤ ਜਥੇਬੰਦੀਆਂ ਨੇ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨੂੰ ਚੈਲੰਜ ਕੀਤਾ ਕਿ ਉਹ ਇਨ੍ਹਾਂ ਗਾਵਾਂ ਨੂੰ ਇਸ਼ਨਾਨ ਕਰਵਾ ਕੇ ਇਨ੍ਹਾਂ ਦਾ ਸਸਕਾਰ ਕਰੇ।
ਮਰੀਆਂ ਗਾਵਾਂ ਸੁੱਟਣ ਵਾਲੇ ਦਲਿਤਾਂ ਦੇ ਲੀਡਰ ਨਾਟੂ ਭਾਊ ਪਹਮਾਰ ਨੇ ਬੀ. ਬੀ. ਸੀ. ਨਾਲ ਇੱਕ ਵਿਸ਼ੇਸ਼ ਗੱਲਬਾਤ ਵਿਚ ਕਿਹਾ, ”ਮਰੀ ਹੋਈ ਗਾਂ ਖਾਣ ਦੀ ਪਰੰਪਰਾ ਅਸੀਂ ਨਹੀਂ ਸ਼ੁਰੂ ਕੀਤੀ। ਸਦੀਆਂ ਤੋਂ ਸਾਡੇ ਨਾਲ ਅਨਿਆਂ ਅਤੇ ਅੱਤਿਆਚਾਰ ਹੁੰਦਾ ਆ ਰਿਹਾ ਹੈ। ਸਾਨੂੰ ਪਿੰਡਾਂ ਤੋਂ ਬਾਹਰ ਰੱਖਿਆ ਜਾਂਦਾ ਸੀ। ਜਿਹੜੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਨੇ, ਉਨ੍ਹਾਂ ਦੇ ਪਾਪਾਂ ਦੀ ਵਜ੍ਹਾ ਕਰ ਕੇ ਸਾਡੇ ਪੂਰਵਜ ਅਤੇ ਅੱਜ ਅਸੀਂ ਵੀ ਮਰੀ ਹੋਈ ਗਾਂ ਜਾਂ ਮਰੇ ਹੋਏ ਪਸ਼ੂ ਖਾਣ ਲਈ ਮਜਬੂਰ ਹਾਂ।
ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਸਿਰਫ਼ ਆਪਣੀ ਗਿਣਤੀ ਵਧਾਉਣ ਲਈ ਸਾਨੂੰ ਹਿੰਦੂ ਕਹਿੰਦੇ ਨੇ, ਪਰ ਅਸਲ ਵਿਚ ਉਹ ਸਾਨੂੰ ਹਿੰਦੂ ਨਹੀਂ ਮੰਨਦੇ। ਹਿੰਦੂ ਰਾਸ਼ਟਰ ਦੀ ਪਰੀਕਲਪਨਾ ਵਿਚ ਦਲਿਤ ਸਭ ਤੋਂ ਹੇਠਲੇ ਡੰਡੇ ‘ਤੇ ਹਨ। ਹੁਣ ਅਸੀਂ ਮਰੀਆਂ ਹੋਈਆਂ ਗਾਵਾਂ ਦੀ ਖੱਲ ‘ਚੋਂ ਚਮੜਾ ਬਣਾਉਣ ਦਾ ਕੰਮ ਨਹੀਂ ਕਰਾਂਗੇ, ਇਹ ਕੰਮ ਹੁਣ ਸ਼ਿਵ ਸੈਨਿਕਾਂ ਤੇ ਗੌ-ਰਕਸ਼ਕਾਂ ਨੂੰ ਕਰਨਾ ਪਵੇਗਾ।” ਅਸੀਂ ਦਲਿਤਾਂ ਦੇ ਹੌਸਲੇ ਦੀ ਦਾਦ ਦੇਂਦੇ ਹਾਂ ਅਤੇ ਉਨ੍ਹਾਂ ਵੱਲੋਂ ਲਏ ਸਟੈਂਡ ਦੀ ਮੁਕੰਮਲ ਹਮਾਇਤ ਕਰਦੇ ਹਾਂ।
ਫਗਵਾੜੇ ਵਿਚ ਜਿਵੇਂ ਸਿੱਖ ਕਾਰਜਕਰਤਾਵਾਂ, ਦਲਿਤ ਅਤੇ ਮੁਸਲਮਾਨ ਨੌਜਵਾਨਾਂ ਨੇ ਮਿਲ ਕੇ, ਹਿੰਦੂ ਸ਼ਿਵ ਸੈਨਿਕਾਂ ਦੀ ਭੁਗਤ ਸੁਆਰੀ ਇਹ ਇੱਕ ਰਾਹ-ਦਸੇਰਾ ਕਦਮ ਹੈ। ਭਾਰਤ ਵਿਚ ਅੱਜਕੱਲ੍ਹ ਆਰ. ਐਸ. ਐਸ. ਤੇ ਸ਼ਿਵ ਸੈਨਾ (ਬਾਲ ਠਾਕਰੇ) ਵਿਚ ਹਿੰਦੂ ਰਾਸ਼ਟਰ ਦਾ ਚੈਂਪੀਅਨ ਬਣਨ ਦੀ ਇੱਕ ਹੋੜ ਲੱਗੀ ਹੋਈ ਹੈ। ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਤਾਂ 2020 ਤੱਕ ਹਰ ਭਾਰਤੀ ਨੂੰ ਹਿੰਦੂ ਬਣਾਉਣ ਦਾ ਐਲਾਨ ਕਰ ਹੀ ਚੁੱਕਾ ਹੈ। ਪਿਛਲੇ ਦਿਨੀਂ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ (ਬਾਲ ਠਾਕਰੇ ਦੇ ਮੁੰਡਾ) ਨੇ ਆਪਣੀ ਪਾਰਟੀ ਦੇ ਅਖ਼ਬਾਰ ‘ਸਾਮਨਾ’ ਵਿਚ ਲਿਖੇ ਇੱਕ ਐਡੀਟੋਰੀਅਲ ਵਿਚ ਕਿਹਾ, ‘ਹੁਣ ਸਮਾਂ ਆ ਗਿਆ ਹੈ ਕਿ ਧਰਮ-ਨਿਰਪੱਖਤਾ ਦੇ ਨਾਟਕ ਨੂੰ ਬੰਦ ਕੀਤਾ ਜਾਵੇ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਵੇ। ਭਾਰਤ ਵਿਚ ਪਹਿਲਾਂ ਹੀ ਹਿੰਦੂਆਂ ਦੀ ਬਹੁਗਿਣਤੀ ਹੈ। ਹਿੰਦੂ ਰਾਸ਼ਟਰ ਬਣਨ ਨਾਲ ਹੀ ਭਾਰਤ ਸਭ ਖ਼ਤਰਿਆਂ ਦਾ ਟਾਕਰਾ ਕਰ ਸਕਦਾ ਹੈ।’
ਇੱਕ ਪਾਸੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਘੱਟਗਿਣਤੀ ਸਿੱਖਾਂ, ਮੁਸਲਮਾਨਾਂ, ਈਸਾਈਆਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਕਸ਼ਮੀਰ ਪੂਰੀ ਤਰ੍ਹਾਂ ਉੱਬਲ਼ ਰਿਹਾ ਹੈ। ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਜਿਵੇਂ ਕਸ਼ਮੀਰੀ ਸੜਕਾਂ ‘ਤੇ ਉੱਤਰੇ ਅਤੇ ਭਾਰਤੀ ਫ਼ੌਜ ਦੇ ਜ਼ੁਲਮਾਂ ਦਾ ਟਾਕਰਾ ਕਰਦਿਆਂ ‘ਆਜ਼ਾਦੀ’ ਦੇ ਤਰਾਨੇ ਗਾਏ, ਇਹ ਲਾ-ਮਿਸਾਲ ਹੈ।
ਭਾਰਤੀ ਫ਼ੌਜ ਦੀਆਂ ਗੋਲੀਆਂ ਨਾਲ 50 ਤੋਂ ਜ਼ਿਆਦਾ ਨੌਜਵਾਨ ਮਾਰੇ ਗਏ, 300 ਦੇ ਕਰੀਬ ਅੱਖਾਂ ਦੀ ਰੌਸ਼ਨੀ ਗਵਾ ਬੈਠੇ ਅਤੇ 1300 ਦੇ ਕਰੀਬ ਜ਼ਖਮੀ ਹੋਏ। ਕਸ਼ਮੀਰੀਆਂ ਵੱਲੋਂ ਯੂ. ਐਨ. ਚਾਰਟਰ ਦੇ ਤਹਿਤ, ਕਸ਼ਮੀਰ ਵਿਚ ਰਾਇਸ਼ੁਮਾਰੀ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਕਸ਼ਮੀਰ ਦੀਆਂ ਤਾਜ਼ਾ ਘਟਨਾਵਾਂ ‘ਤੇ ਬੜੀ ਜ਼ਾਲਮਾਨਾ ਪ੍ਰਤੀਕ੍ਰਿਆ ਦਿੱਤੀ ਗਈ ਅਤੇ ਸਾਰਾ ਦੋਸ਼ ਪਾਕਿਸਤਾਨ ਦੇ ਸਿਰ ਮੜ੍ਹਿਆ ਗਿਆ।
ਚੰਗੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਲ ਖ਼ਾਲਸਾ ਨੇ ਕਸ਼ਮੀਰੀਆਂ ਦੇ ਹੱਕ ਵਿਚ ਡਟ ਕੇ ਸਟੈਂਡ ਲਿਆ। ਪਰ ਕਸ਼ਮੀਰ ਦਾ ਮੁੱਦਾ ਅਖੀਰ ਕਿਸ ਪੜਾਅ ‘ਤੇ ਜਾ ਕੇ ਰੁਕੇਗਾ, ਇਸ ਸਬੰਧੀ ਇੱਕ ਇਜ਼ਰਾਈਲੀ ਨਿਊਜ਼ ਪੋਰਟਲ ਨੇ ਬੜੀ ਡਰਾਉਣੀ ਟਿੱਪਣੀ ਕੀਤੀ ਹੈ। ਬਰੱਸਲਜ਼ (ਬੈਲਜੀਅਮ) ਦੇ ਇੱਕ ‘ਜੀਊਜ਼ ਨਿਊਜ਼’ ਪੋਰਟਲ ਅਨੁਸਾਰ, ”ਭਾਰਤ ਤੇ ਪਾਕਿਸਤਾਨ, ਕਸ਼ਮੀਰ ਮੁੱਦੇ ‘ਤੇ ਨਿਊਕਲੀਅਰ ਜੰਗ ਵੱਲ ਵਧ ਰਹੇ ਹਨ। ਕਸ਼ਮੀਰ ਵਿਚ ਸਥਿਤੀ ਬਦਤਰ ਹੋ ਰਹੀ ਹੈ। ਕਸ਼ਮੀਰ ਸਮੱਸਿਆ ਨੂੰ ਕਸ਼ਮੀਰੀ ਲੋਕਾਂ ਦੀ ਮਰਜ਼ੀ ਅਨੁਸਾਰ ਹੱਲ ਕਰਨ ਲਈ ਕੋਈ ਅੰਤਰਰਾਸ਼ਟਰੀ ਚਾਰਾਜੋਈ ਨਹੀਂ ਕੀਤੀ ਜਾ ਰਹੀ। ਨਤੀਜੇ ਵਜੋਂ ਸੰਭਾਵੀ ਨਿਊਕਲੀਅਰ ਟਕਰਾਅ ਉਸ ਖ਼ਿੱਤੇ ਨੂੰ ਤਬਾਹੋ-ਬਰਬਾਦ ਕਰ ਕੇ ਰੱਖ ਦੇਵੇਗਾ।” ਕੀ 30 ਮਿਲੀਅਨ ਸਿੱਖ ਕੌਮ ਨੂੰ ਇਸ ਸਥਿਤੀ ਦਾ ਅਹਿਸਾਸ ਵੀ ਹੈ?
ਭਾਰਤ ਦੀ ਮੋਦੀ ਸਰਕਾਰ ਇੱਕ ਪਾਸੇ ਪਾਕਿਸਤਾਨ ਨਾਲ ਟਕਰਾਅ ਵਧਾ ਰਹੀ ਹੈ ਅਤੇ ਦੂਸਰੇ ਪਾਸੇ ਅਮਰੀਕਾ ਦੇ ਢਹੇ ਚੜ੍ਹ ਕੇ, ਚੀਨ ਨੂ ਪੂਰੀ ਤਰ੍ਹਾਂ ਆਪਣਾ ਦੁਸ਼ਮਣ ਬਣਾ ਰਹੀ ਹੈ। ‘ਸਾਊਥ ਚਾਈਨਾ ਸੀਅ’ ਦੇ ਮੁੱਦੇ ‘ਤੇ ਭਾਰਤ ਸਰਕਾਰ ਦੇ ਸਟੈਂਡ ਨੂੰ ਵੇਖਦਿਆਂ ਚੀਨ ਨੇ ਭਾਰਤ ਨੂੰ ਨਿਊਕਲੀਅਰ ਸਪਲਾਇਰਜ਼ ਗਰੁੱਪ ਦੀ ਮੈਂਬਰੀ ਨਹੀਂ ਲੈਣ ਦਿੱਤੀ।
ਹੁਣ ਭਾਰਤ ਵੱਲੋਂ ਅਮਰੀਕੀ ਜਹਾਜ਼ ਕੰਪਨੀ ‘ਬੋਇੰਗ’ ਤੋਂ ਇੱਕ ਬਿਲੀਅਨ ਡਾਲਰ ਕੀਮਤ ਦੇ ‘ਜਾਸੂਸੀ ਜਹਾਜ਼’ ਖ਼ਰੀਦੇ ਜਾ ਰਹੇ ਹਨ, ਜਿਨ੍ਹਾਂ ਵਿਚ ਨਿਊਕਲੀਅਰ ਮਿਜ਼ਾਈਲਾਂ ਫਿੱਟ ਹੋਣਗੀਆਂ ਅਤੇ ਇਹ ਭਾਰਤੀ ਸਮੁੰਦਰ (ਅਰਬ ਸਾਗਰ) ਦੇ ਉੱਪਰ ਉੱਡਦਿਆਂ ਆਪਣੀਆਂ ਪਣਡੁੱਬੀਆਂ ਨੂੰ ‘ਅੱਗੋਂ ਸਪੋਰਟ’ ਦੇਣਗੇ। ਚੀਨ ਵੱਲੋਂ ਇਸ ਕਦਮ ਨੂੰ ‘ਭੜਕਾਊ ਕਾਰਵਾਈ’ ਸਮਝਿਆ ਜਾ ਰਿਹਾ ਹੈ। ਚੀਨੀਆਂ ਦਾ ਬਦਲਾ ਲੈਣ ਦਾ ਤਰੀਕਾ ਵੱਖਰੀ ਕਿਸਮ ਦਾ ਹੁੰਦਾ ਹੈ। ਇਸ ਭੜਕਾਊ ਕਾਰਵਾਈ ਦਾ ਵੀ ਚੀਨ ਵੱਲੋਂ ਜਵਾਬ ਦਿੱਤਾ ਗਿਆ ਹੈ।
ਚੀਨ ਦੀ ਭਾਰਤ ਨਾਲ ਸੀਮਾ ਸਿਰਫ਼ ਨੇਫ਼ਾ, ਲਦਾਖ਼, ਅਰੁਣਾਚਲ ਪ੍ਰਦੇਸ਼ ਰਾਹੀਂ ਹੀ ਨਹੀਂ ਲਗਦੀ ਸਗੋਂ ਉੱਤਰਾਖੰਡ ਸੂਬੇ ਨਾਲ ਚੀਨ ਦੀ 350 ਕਿੱਲੋਮੀਟਰ ਸੀਮਾ ਲਗਦੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਦੱਸਿਆ ਕਿ ”ਪਿਛਲੇ ਹਫ਼ਤੇ ਚੀਨੀ ਫ਼ੌਜਾਂ ਨੇ ਉੱਤਰਾਖੰਡ ਦੇ ਚਮੇਲੀ ਜ਼ਿਲ੍ਹੇ ਵਿਚ ਬਰਾਹੋਟੀ ਦੇ ਨੇੜੇ ਲਗਦੀ 80 ਵਰਗ ਕਿੱਲੋਮੀਟਰ ਸਰਹੱਦ ‘ਤੇ ਘੁਸਪੈਠ ਕੀਤੀ। ਭਾਰਤੀ ਫ਼ੌਜ ਨਾਲ, ਚੀਨੀ ਫ਼ੌਜ ਨੇ ਲਗਭਗ ਇੱਕ ਘੰਟਾ ਅੱਖਾਂ ਲੜਾਈਆਂ (ਫੇਸ ਆਫ਼) ਅਤੇ ਫੇਰ ਉਹ ਵਾਪਸ ਪਰਤ ਗਏ। ਇਹ ਬੜੇ ਫ਼ਿਕਰ ਵਾਲੀ ਗੱਲ ਹੈ ਅਤੇ ਕੇਂਦਰ ਸਰਕਾਰ ਨੂੰ ਕੁੱਝ ਕਰਨ ਦੀ ਲੋੜ ਹੈ।”
ਪਾਠਕ ਜਨ! ਜ਼ਾਹਿਰ ਹੈ ਕਿ ਮੋਦੀ ਦਾ ਭਾਰਤ ਕਿਸ ਦਿਸ਼ਾ ਵੱਲ ਜਾ ਰਿਹਾ ਹੈ। 30 ਮਿਲੀਅਨ ਸਿੱਖ ਕੌਮ ਨੂੰ, ਕਿਸੇ ਵੀ ਭਵਿੱਖ ਦੇ ਟਕਰਾਅ ਦੀ ਸੂਰਤ ਵਿਚ ਆਪਣਾ ਕੁੱਝ ਬਣਾਉਣ-ਸੰਵਾਰਨ ਦਾ ਮੌਕਾ ਮਿਲ ਸਕਦਾ ਹੈ। ਕੀ ਕੌਮ ਇਸ ਲਈ ਤਿਆਰ ਹੈ?
Comments
Post a Comment