ਬਾਦਲ ਨੂੰ ਬੇਦਾਵਾ ਦਿਓ, ਕੌਮ ਨੂੰ ਨਹੀਂ…ਜਸਪਾਲ ਸਿੰਘ ਹੇਰਾਂ

ਬਾਦਲ ਨੂੰ ਬੇਦਾਵਾ ਦਿਓ, ਕੌਮ ਨੂੰ ਨਹੀਂ…ਜਸਪਾਲ ਸਿੰਘ ਹੇਰਾਂ(ਜਾਗੋ ਸਿੱਖ ਮੀਡੀਅਾ)ਜਦੋਂ ਰਾਜਨੀਤੀ ਧਰਮ ਤੇ ਭਾਰੂ ਹੋ ਜਾਵੇ ਤਾਂ ਅਧਰਮ ਹੋਣਾ ਆਪਣੇ-ਆਪ ਸ਼ੁਰੂ ਹੋ ਜਾਂਦਾ ਹੈ ਤੇ ਜੇ ਰਾਜਨੀਤੀ ਤੇ ਲਾਲਸਾ ਭਾਰੂ ਹੋ ਜਾਵੇ ਤਾਂ ਘੋਰ ਅਨਰਥ ਹੋਣਾ ਸ਼ੁਰੂ ਹੋ ਜਾਂਦਾ ਹੈ। ਚਾਰੇ ਪਾਸੇ ਘੁੁੱਪ ਹਨੇਰਾ ਤੇ ਹਾਹਾਕਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਜ ਸਿੱਖ ਧਰਮ ਦੇ ਬੁਨਿਆਦੀ ਸਿਧਾਂਤ ‘ਮੀਰੀ-ਪੀਰੀ’ ਦੀ ਘੋਰ ਉਲੰਘਣਾ ਕਰਕੇ, ਸਿੱਖ ਧਰਮ ਦੇ ਰਾਜਨੀਤਕ ਠੇਕੇਦਾਰਾਂ ਨੇ ਧਰਮ ਤੇ ਗ਼ਲਬਾ ਜਮਾ ਲਿਆ ਹੋਇਆ ਹੈ, ਉਹ ਧਰਮ ਨੂੰ ਆਪਣੀ ਸਿਆਸੀ ਸ਼ਕਤੀ ਲਈ ਆਪਣਾ ਹਥਿਆਰ ਬਣਾ ਚੁੱਕੇ ਹਨ ਅਤੇ ਉਸਦੀ ਸਮੇਂ-ਸਮੇਂ ਬਾਖ਼ੂਬੀ ਦੁਰਵਰਤੋਂ ਵੀ ਕਰ ਰਹੇ ਹਨ। ਜਿਸ ਕਾਰਣ ਇਕ ਵਾਰ ਫਿਰ ‘ਧਰਮ ਪੰਖ ਕਰਿ ਉਡਰਿਆ’ ਦੇ ਮਹਾਂਵਾਕ ਸੱਚੇ ਸਾਬਤ ਹੋ ਰਹੇ ਹਨ।ਬਾਦਲ ਦਲ ਵੱਲੋਂ ਧਰਮ ਦੀ ਆਪਣੀ ਸਿਆਸੀ ਚੌਧਰ ਲਈ, ਨਿੱਜੀ ਲੋਭ-ਲਾਲਸਾ ਦੀ ਪੂਰਤੀ ਲਈ, ਅੰਨੀ ਵਰਤੋਂ ਕੀਤੇ ਜਾਣ ਅਤੇ ਇਸ ਰਾਹ ’ਚ ਆਉਂਦੀਆਂ ਸਾਰੀਆਂ ਰੁਕਾਵਟਾਂ ਨੂੰ ਆਪਣੀ ਸੱਤਾ ਤਾਕਤ ਦੀ ਠੋਕਰ ਨਾਲ ਪਾਸੇ ਕਰੀ ਜਾਣ ਤੇ, ਕੁਝ ਸੱਚੇ ਸਿੱਖ ਰੋਹ ’ਚ ਹਨ, ਕੁਝ ਰੋਸ ’ਚ ਹਨ ਅਤੇ ਕੁਝ ਭੈ-ਭੀਤ ਹਨ ਅਤੇ ਕੁਝ ਬਾਗੀ ਹੋਣ ਦੇ ਰਾਹ ਵੀ ਪੈ ਗਏ ਹਨ ਅਤੇ ਕੁਝ ਅੱਜ ਵੀ ਜੀ ਹਜ਼ੂਰੀਏ ਹਨ।ਰਾਜ ਸੱਤਾ ਬਹੁਤ ਵੱਡੀ ਸ਼ਕਤੀ ਹੁੰਦੀ ਹੈ, ਜਿਸਦੇ ਆਸਰੇ ਬਹੁਤ ਕੁਝ ਕੀਤਾ ਜਾ ਸਕਦਾ ਹੈ, ਪ੍ਰੰਤੂ ਸਭ ਤੋਂ ਵੱਡੀ ਸ਼ਕਤੀ ਲੋਕਾਂ ਦੀ ਹੁੰਦੀ ਹੈ, ਸੰਗਤ ਦੀ ਹੁੰਦੀ ਹੈ, ਜਿਸ ਅੱਗੇ ਗੁਰੂ ਤੱਕ ਵੀ ਝੁਕਦਾ ਹੈ। ਅੱਜ ਜਦੋਂ ਹਰ ਸੱਚਾ ਤੇ ਸੂਝਵਾਨ ਸਿੱਖ, ਇਹ ਸਮਝ ਚੁੱਕਾ ਹੈ ਕਿ ਬਾਦਲਾਂ ਲਈ ਪੰਥ, ਸਿੱਖ, ਸ਼ੋ੍ਰਮਣੀ ਕਮੇਟੀ ਜਾਂ ਧਰਮ ਦੇ ਕੋਈ ਅਰਥ ਨਹੀਂ ਹਨ, ਉਨਾਂ ਦਾ ਧਰਮ ਸਿਰਫ਼ ਤੇ ਸਿਰਫ਼ ‘ਸੱਤਾ ਪ੍ਰਾਪਤੀ’ ਹੈ, ਇਸ ਲਈ ਉਨਾਂ ਦੀ ਧਰਮ ਵਿਰੋਧੀ ਕਿਸੇ ਕਾਰਵਾਈ ਦਾ ਗੁੱਸਾ ਕਰਕੇ, ਉਸਦਾ ਜਵਾਬ, ਸਿੱਖੀ ’ਚ ਹੋਰ ਪ੍ਰਪੱਕ ਹੋ ਕੇ ਹੀ ਦਿੱਤਾ ਜਾ ਸਕਦਾ ਹੈ।ਬਾਦਲ ਅਤੇ ਉਸਦੇ ਆਕੇ, ਸਿੱਖੀ ਦੇ ਖ਼ਾਤਮੇ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਰੂਹਾਨੀ ਤਾਕਤ ਨੂੰ ਨਸ਼ਟ ਕਰਨ ਲਈ ਹੀ ਕੋਝੀਆਂ ਸਾਜ਼ਿਸ਼ਾਂ ਅਧੀਨ ਆਪਣੀਆਂ ਸਿਆਸੀ ਚਾਲਾਂ, ਖੇਡ ਰਹੇ ਹਨ ਅਤੇ ਜੇ ਅਸੀਂ ਖ਼ੁਦ ਹੀ ਆਪਣਾ ਜਾਨ ਤੋਂ ਪਿਆਰਾ ਸਿੱਖ ਧਰਮ ਵਾਰਨ ਲਈ ਤਿਆਰ ਹੋ ਗਏ ਹਾਂ ਅਸੀਂ ਖ਼ੁਦ ਬਾਦਲ ਦੇ ਮਿਸ਼ਨ ਦੀ ਪੂਰਤੀ ਦੇ ਭਾਈਵਾਲ ਹੋਵਾਂਗੇ।ਅਸੀਂ ਇਕ ਵਾਰ ਫ਼ਿਰ ਸਮੁੱਚੇ ਸਿੱਖ ਪੰਥ ਨੂੰ ਚਾਹੇ ਉਹ ਪੰਜਾਬ ’ਚ ਰਹਿੰਦੇ ਸਿੱਖ ਹਨ, ਚਾਹੇ ਹਰਿਆਣੇ ’ਚ ਵੱਸਦੇ ਸਿੱਖ ਹਨ ਅਤੇ ਚਾਹੇ ਦੇਸ਼-ਵਿਦੇਸ਼ ’ਚ ਕਿਤੇ ਹੀ ਵਸੇਬਾ ਕਰਦੇ ਸਿੱਖ ਹਨ, ਨੂੰ ਅਪੀਲ ਕਰਾਂਗੇ ਕਿ ਉਹ ਸਿਆਸੀ ਸਿੱਖ ਆਗੂਆਂ ਤੇ ਸਿੱਖ ਧਰਮ ਦੇ ਠੇਕੇਦਾਰਾਂ ਦੀਆਂ ਲੰੂਬੜ ਚਾਲਾਂ ਤੋਂ ਸੁਚੇਤ ਹੋਣ। ਪੰਥ ਤੇ ਪੰਥਕ ਸ਼ਕਤੀ ਇਕਜੁੱਟ ਰਹੇ, ਸਿੱਖੀ ਸਿਧਾਂਤਾਂ ਦੀ ਪਾਲਣਾ ਕਰੀਏ ਅਤੇ ਗੁਰੂ ਤੇ ਗੁਰਬਾਣੀ ਦੇ ਭੈਅ ’ਚ ਰਹੀਏ ਤਾਂ ਸਾਡੀ ਹਰ ਮੈਦਾਨ ਫ਼ਤਹਿ ਹੋਵੇਗੀ, ਕੌਮ ਦੇ ਗ਼ਦਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ। ਪ੍ਰੰਤੂ ਇਸ ਲਈ ਜ਼ਰੂਰੀ ਹੈ ਕਿ ਹਰ ਨਾਨਕ ਨਾਮ ਲੇਵਾ, ਗੁਰੂ ਨੂੰ ਸਮਰਪਿਤ ਹੋਵੇ।

Comments