ਕਸ਼ਮੀਰ ਹਿੰਸਾ: ਅੱਜ ਫਿਰ ਕਸ਼ਮੀਰੀ ਨੌਜਵਾਨ ਭਾਰਤੀ ਸੁਰੱਖਿਆ ਦਸਤਿਆਂ ਹੱਤੋਂ ਮਰਿਆ, ਹੁਣ ਤੱਕ ਕੁਲ 71 ਮੌਤਾਂ ਹੋਈਆਂ

ਸ਼੍ਰੀਨਗਰ: (ਜਾਗੋ ਸਿੱਖ ਮੀਡੀਅਾ ਬਿੳੂਰੋ)ਕਸ਼ਮੀਰੀ ਖਾੜਕੂ ਬੁਰਹਾਨ ਵਾਨੀ ਦੀ ਭਾਰਤੀ ਸੁਰੱਖਿਆ ਦਸਤਿਆਂ ਹੱਥੋਂ ਹੋਈ ਮੌਤ ਤੋਂ ਬਾਅਦ ਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਹੱਥੋਂ ਕਸ਼ਮੀਰੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕਸ਼ਮੀਰ ਵਿਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਇਸ ਮੌਤ ਨਾਲ 71 ਹੋ ਗਈ ਹੈ । ਅੱਜ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ਼੍ਹੇ ਦੇ ਪਿੰਡ ਨਦੀਹਾਲ ਵਿਚ ਭਾਰਤੀ ਸੁਰੱਖਿਆ ਬਲਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਚਲਾਈ ਗਈ ਗੋਲੀ ਵਿਚ ਇਕ ਨੌਜਵਾਨ ਦੇ ਮਾਰੇ ਜਾਣ ਦੀ ਖ਼ਬਰ ਹੈ।
ਮ੍ਰਿਤਕ ਦੀ ਪਛਾਣ 28 ਸਾਲਾ ਦਾਨਿਸ਼ ਮਨਜ਼ੂਰ ਵਜੋਂ ਹੋਈ ਹੈ। ਬਾਰਾਮੁੱਲਾ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਾਨਿਸ਼ ਮੌਤ ਦੇ ਮੂੰਹ ਜਾ ਪਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਹੋਰ ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਸ਼੍ਰੀਨਗਰ ਭੇਜ ਦਿੱਤਾ ਗਿਆ ਹੈ।
ਮੀਡੀਆ ਵਿੱਚ ਨਸ਼ਰ ਖਬਰ ਅਨੁਸਾਰ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਭਾਰਤੀ ਫੌਜ ਵਲੋਂ ਫਲਾਂ ਦੇ ਟਰੱਕਾਂ ਨੂੰ ਇਲਾਕੇ ਵਿਚੋਂ ਲੰਘਣ ਤੋਂ ਰੋਕੇ ਜਾਣ ਤੋਂ ਬਾਅਦ ਲੋਕਾਂ ਵਲੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਫੌਜੀ ਪਿੰਡ ਵਿਚ ਦਾਖਲ ਹੋ ਗਏ ਤੇ ਉਨ੍ਹਾਂ ਘਰਾਂ ਦੀ ਵੀ ਭੰਨ ਤੋੜ ਕੀਤੀ।ਲੋਕਾਂ ਅਨੁਸਾਰ ਇਸ ਤੋਂ ਬਾਅਦ ਨੌਜਵਾਨਾਂ ਇਨ੍ਹਾਂ ਜ਼ਿਆਦਤੀਆਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ ਤਾਂ ਫੌਜ ਨੇ ਗੋਲੀ ਚਲਾ ਦਿੱਤੀ।

Comments