ਪੰਜਾਬੀਅਤ ਹੋਈ ਸ਼ਰਮਸਾਰ; 100 ਸਾਲਾ ਬਜ਼ੁਰਗ ਔਰਤ ਦਾ ਕਤਲ, ਬਲਾਤਕਾਰ ਦਾ ਸ਼ੱਕ

ਪਟਿਆਲਾ, (ਜਾਗੋ ਸਿੱਖ ਮੀਡੀਆ ਬਿਊਰੋ): ਪਟਿਆਲਾ ਜ਼ਿਲ੍ਹੇ ਦੇ ਪਿੰਡ ਦਾਊਂ ਕਲਾਂ ਤੋਂ ਇਕ ਬੇਹੱਦ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੰਜਾਬ ਅਤੇ ਪੰਜਾਬੀਅਤ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਇਸ ਪਿੰਡ ਵਿਚ ਇਕ 100 ਸਾਲਾ ਬਜ਼ੁਰਗ ਔਰਤ ਦਾ ਬਲਾਤਕਾਰ ਤੋਂ ਬਾਅਦ ਕਤਲ ਕੀਤੇ ਜਾਣ ਦੀ ਖ਼ਬਰ ਹੈ।
ਬਜ਼ੁਰਗ ਔਰਤ ਦੇ ਘਰਦਿਆਂ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਸੌਂਦੇ ਸੀ। ਸਵੇਰੇ 5 ਵਜੇ, ਗਵਾਂਢੀ ਨੇ ਉਨ੍ਹਾਂ ਦੇ ਮੰਜੇ ਹੇਠ ਖੂਨ ਦੇਖਿਆ ‘ਤੇ ਰੌਲਾ ਪਾਇਆ। ਉਨ੍ਹਾਂ ਕਿਹਾ ਕਿ, “ਉਹ ਅਰਧ-ਨਗਨ ਅਵਸਥਾ ਵਿਚ ਮੰਜੇ ‘ਤੇ ਪਏ ਸੀ ਤੇ ਉਨ੍ਹਾਂ ਦਾ ਸਾਰਾ ਬਿਸਤਰਾ ਖੂਨ ਨਾਲ ਭਰਿਆ ਪਿਆ ਸੀ। ਅਸੀਂ ਖੂਨ ਦੇ ਨਿਸ਼ਾਨਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਦੇ ਕੱਪੜੇ ਸਾਨੂੰ ਨਾਲ ਲੱਗਦੇ ਖੇਤਾਂ ਵਿਚੋਂ ਮਿਲੇ।” ਸ਼ੱਕ ਕੀਤਾ ਜਾ ਰਿਹਾ ਹੈ ਇਹ ਕਾਰਾ ਨਸ਼ੇੜੀਆਂ ਨੇ ਕੀਤਾ ਹੈ ਤੇ ਉਹ ਬਜ਼ੁਰਗ ਔਰਤ ਨੂੰ ਪਹਿਲਾਂ ਖੇਤਾਂ ਵਿਚ ਲੈ ਗਏ, ਜਿੱਥੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਤੇ ਬਾਅਦ ਵਿਚ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਲਾਸ਼ ਨੂੰ ਉਹ ਦੁਬਾਰਾ ਉਸ ਮੰਜੇ ‘ਤੇ ਹੀ ਰੱਖ ਗਏ।
ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਫੌਰੈਂਸਿਕ ਮਾਹਿਰਾਂ ਅਤੇ ਖੋਜੀ ਕੁਤਿਆਂ ਦੀਆਂ ਟੀਮਾਂ ਨੂੰ ਮੌਕੇ ‘ਤੇ ਬੁਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਭਾਰਤੀ ਪੈਨਲ ਕੋਡ ਦੀ ਧਾਰਾ 302 ਅਧੀਨ ਪਟਿਆਲਾ ਸਦਰ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ.ਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ, “ਅਸੀਂ ਬਜ਼ੁਰਗ ਮਾਤਾ ਦੇ ਪੋਸਟਮਾਰਟਮ ਲਈ ਬੇਨਤੀ ਕੀਤੀ ਹੈ ਤਾਂ ਕਿ ਬਲਾਤਕਾਰ ਸਬੰਧੀ ਪਤਾ ਲੱਗ ਸਕੇ।” ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਤੇ ਕੁਝ ਸ਼ੱਕੀ ਬੰਦਿਆਂ ਤੋਂ ਪੁਛਗਿੱਛ ਵੀ ਕੀਤੀ ਗਈ ਹੈ।

Comments