ਜਥੇਦਾਰ ਭਾਈ ਹਵਾਰਾ ਵੱਲੋਂ ਪੰਥਕ ਏਕਤਾ ਲਈ ਦਿੱਤੇ ਹੁਕਮਾਂ ਤੇ ਸਿੱਦਕ ਦਿਲੀ ਨਾਲ ਪਹਿਰਾ ਦੇਵਾਂਗੇ : ਮਾਨ

ਮਲੇਰਕੋਟਲਾ : 29 ਅਕਤੂਬਰ (ਜਾਗੋ ਸਿੱਖ ਮੀਡੀਆ ਬਿਊਰੋ) ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਉਪਰ ਅਗਲੇ ਮਹੀਨੇ ਬੁਲਾਏ ਗਏ ਸਰਬੱਤ ਖਾਲਸਾ ਨੂੰ ਵਿਸਾਖੀ ਤੱਕ ਟਾਲਣ ਲਈ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਰਬੱਤ ਖਾਲਸਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਰਵਾਉਣ ਲਈ ਕੁੱਝ ਪੰਥਕ ਧਿਰਾਂ ਨਾਲ ਅਗਾਮੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਮੱਦਦ ਕਰਨ ਦੀ ਡੀਲ ਕਰਨ ਦੇ ਯਤਨ ਕਰ ਰਹੀ ਹੈ।ਉਹ ਇੱਥੇ ਰੈਸਟ ਹਾਊਸ ਵਿਖੇ ਪਾਰਟੀ ਦੇ ਜਨਰਲ ਸਕੱਤਰਾਂ ਨਾਲ ਸਰਬੱਤ ਖਾਲਸਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨਾਂ ਕਿਹਾ ਕਿ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੀ ਅਗਵਾਈ ਹੇਠ ਬਣੇ ਨਵੇਂ ਅਖੰਡ ਅਕਾਲੀ ਦਲ ਨਾਲ ਵੀ ਸਰਬੱਤ ਖਾਲਸਾ ਵਿੱਚ ਸਮੂਲੀਅਤ ਕਰਨ ਲਈ ਗੱਲ ਕੀਤੀ ਜਾਵੇਗੀ ਜਦਕਿ ਉਹ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੂੰ ਇਸ ਸਬੰਧੀ ਪਹਿਲਾਂ ਹੀ ਮਿਲ ਚੁੱਕੇ ਹਨ। ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਨੂੰ ਸਰਬੱਤ ਖਾਲਸਾ ਲਈ ਸੱਦਾ ਪੱਤਰ ਦੇਣ ਬਾਰੇ ਮਾਨ ਨੇ ਸਪੱਸਟ ਕੀਤਾ ਕਿ ਪਿਛਲੇ ਸਰਬੱਤ ਖਾਲਸਾ ਵਿੱਚ ਕਾਂਗਰਸ ਪਾਰਟੀ ਦੇ ਆਗੂ ਵੀ ਸਾਮਲ ਹੋਏ ਸਨ ਅਤੇ ਬਾਦਲ ਦਲ ਵਾਲੇ ਵੀ ਸਰਬੱਤ ਖਾਲਸਾ ਵਿੱਚ ਸਾਮਲ ਹੋ ਸਕਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਵਾਰਾ ਵੱਲੋਂ ਪੰਥਕ ਏਕਤਾ ਲਈ ਦਿੱਤੇ ਹੁਕਮਾਂ ਨੂੰ ਸਰਵੋਤਮ ਦੱਸਦਿਆਂ ਮਾਨ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਥਕ ਏਕਤਾ ਲਈ ਦਿੱਤੇ ਹੁਕਮਾਂ ਉਪਰ ਪੂਰੀ ਸਿੱਦਕ ਦਿਲੀ ਨਾਲ ਪਹਿਰਾ ਦੇਣਗੇ।
ਸਰਬੱਤ ਖਾਲਸਾ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਦੇ ਚੱਲਦਿਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਉਪਰ ਪ੍ਰਭਾਵ ਬਾਰੇ ਮਾਨ ਨੇ ਕਿਹਾ ਕਿ ਸਰਬੱਤ ਖਾਲਸਾ ਵੱਲੋਂ ਪਾਸ ਕੀਤੇ ਜਾਣ ਵਾਲੇ ਗੁਰਮਤੇ ਸਾਮਲ ਸਿੱਖ ਜਥੇਬੰਦੀਆਂ ਸਰਵਸੰਮਤੀ ਨਾਲ ਤਹਿ ਕਰਨਗੀਆਂ ਅਤੇ ਇਨਾਂ ਬਾਰੇ ਸਰਬੱਤ ਖਾਲਸਾ ਤੋਂ ਪਹਿਲਾਂ ਕੁਝ ਵੀ ਕਹਿਣਾ ਸੰਭਵ ਨਹੀਂ ਹੈ।ਉਨਾਂ ਕਿਹਾ ਕਿ ਜੇਕਰ ਤਲਵੰਡੀ ਸਾਬੋ ਵਿਖੇ ਕੀਤੇ ਜਾਣ ਵਾਲੇ ਸਰਬਤ ਖਾਲਸਾ ਸਮਾਗਮ ਲਈ ਸਰਕਾਰ ਨੇ ਕੋਈ ਔਕੜਾਂ ਖੜੀਆਂ ਕੀਤੀਆਂ ਤਾਂ ਉਹ ਸਮੂਹਿਕ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਅਦਾਲਤ ਦੇ ਬੂਹੇ ਖੜਕਾਉਣ ਤੋਂ ਪਿੱਛੇ ਨਹੀਂ ਹੱਟਣਗੇ ਇਸ ਮੌਕੇ ਜਨਰਲ ਜਨਰਲ ਸਕੱਤਰ ਜਸਕਰਨ ਸਿੰਘ, ਪ੍ਰੋ. ਮਹਿੰਦਰਪਾਲ ਸਿੰਘ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਗੁਰਜੰਟ ਸਿੰਘ ਕੱਟੂ, ਬਹਾਦਰ ਸਿੰਘ ਭਸ਼ੌੜ, ਗੁਰਨੈਬ ਸਿੰਘ ਰਾਮਪੁਰਾ, ਬਾਬਾ ਇੰਦਰਜੀਤ ਸਿੰਘ ਰਤੀਆ ਅਤੇ ਹਰਬੰਸ ਸਿੰਘ ਜੈਨਪੁਰ ਆਦਿ ਆਗੂ ਵੀ ਹਾਜਰ ਸਨ।

Comments