ਅੰਮ੍ਰਿਤਸਰ:(ਜਾਗੋ ਸਿੱਖ ਮੀਡੀਆ ਬਿਊਰੋ) ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਜਾਰੀ ਕਰਨ ਦੀ ਰਵਾਇਤ ਹੈ। ਇਸ ਵਾਰ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਜੱਥੇਦਾਰਾਂ ਵੱਲੋਂ ਵੀ ਬਰਾਬਰ ਸੰਦੇਸ਼ ਜਾਰੀ ਕੀਤਾ ਜਾ ਸਕਣ ਦੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ।ਪਰ ਇਸ ਵਾਰ ਕਾਰਜ਼ਕਾਰੀ ਜਥੇਦਾਰਾਂ ਵੱਲੋਂ ਅਜਿਹੀ ਸਥਿਤੀ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ ਕਿਉਂਕਿ ਜੇਕਰ ਇਸ ਵਾਰ ਸੰਦੇਸ਼ ਜਾਰੀ ਕਰਨ ਮਗਰੋਂ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਇਸ ਦਾ ਪ੍ਰਭਾਵ 10 ਨਵੰਬਰ ਨੂੰ ਹੋ ਰਹੇ ਸਰਬੱਤ ਖ਼ਾਲਸਾ ’ਤੇ ਪੈ ਸਕਦਾ ਹੈ। ਸੂਤਰਾਂ ਮੁਤਾਬਕ ਅਜਿਹੀ ਸਥਿਤੀ ਵਿੱਚ ਕਾਰਜ਼ਕਾਰੀ ਜਥੇਦਾਰ ਬਾਹਰੋਂ ਕਿਸੇ ਥਾਂ ਤੋਂ ਸੰਦੇਸ਼ ਜਾਰੀ ਕਰ ਸਕਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਉਤਸ਼ਾਹ ਨਾਲ ਮਨਾਉਣ ਦੀ ਤਿਆਰੀ ਹੈ, ਜਿਸ ਤਹਿਤ ਗੁਰਮਤਿ ਸਮਾਗਮ ਅਤੇ ਰਾਤ ਨੂੰ ਦੀਪ ਮਾਲਾ ਤੇ ਆਤਸ਼ਬਾਜ਼ੀ ਵੀ ਹੋਵੇਗੀ। ਇਸੇ ਦੌਰਾਨ ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਬਰਾਬਰ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਬਾਰੇ ਹਾਲੇ ਤੱਕ ਅਨਿਸ਼ਚਿਤਤਾ ਬਣੀ ਹੋਈ ਹੈ।
ਇਸ ਦੌਰਾਨ ਮੁਤਵਾਜ਼ੀ ਜਥੇਦਾਰ ਵਲੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਦੇ ਮਾਮਲੇ ਵਿੱਚ ਫਿਲਹਾਲ ਅਨਿਸ਼ਚਿਤਤਾ ਬਣੀ ਹੋਈ ਹੈ। ਪਿਛਲੇ ਵਰ੍ਹੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਾਬਰ ਸੰਦੇਸ਼ ਜਾਰੀ ਕੀਤਾ ਸੀ ਲੇਕਿਨ ਕੁਝ ਸਮੇਂ ਬਾਅਦ ਹੀ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਬਾਹਰ ਆਏ ਤਾਂ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਸਬੰਧ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਖ਼ਲਲ ਪਾਉਣ ਦੇ ਦੋਸ਼ ਹੇਠ ਭਾਈ ਮੰਡ ਸਮੇਤ ਕਈ ਹੋਰਨਾਂ ‘ਤੇ ਕੇਸ ਦਰਜ ਹੋਇਆ ਸੀ।
Comments
Post a Comment