ਬੁਜ਼ਰਗ ‘ਤੇ ਹਮਲਰ ਕਰਨ ਵਾਲਾ ਨਸਲੀ ਅਪਰਾਧ ਦਾ ਦੋਸ਼ੀ ਕਰਾਰ

ਸਾਂਨ ਫਰਾਂਸਿਸਕੋ:(ਜਾਗੋ ਸਿੱਖ ਮੀਡੀਆ ਬਿਊਰੋ) ਅਮਰੀਕਾ ਵਿੱਚ ਨਸਲੀ ਨਫਤਰ ਵਿੱਚ ਅੰਨੇ 23 ਸਾਲਾਂ ਅਮਰੀਕੀ ਨੌਜਵਾਨ ਵੱਲੋਂ ਗਲਤ ਪਛਾਣ ਦੇ ਅਧਾਰ ‘ਤੇ ਸਿੱਖ ਬੁਜ਼ਰਗ ‘ਤੇ ਹਮਲਾ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਹਮਲਾਵਰ ਨੂੰ ਨਸਲੀ ਅਪਰਾਧ ਦਾ ਦੋਸ਼ੀ ਠਹਿਰਾਇਆ ਹੈ ਅਤੇ 2 ਦਸੰਬਰ ਨੂੰ ਉਸਨੂੰ ਸਾਜ਼ ਸੁਣਾਈ ਜਾਵੇਗੀ।
ਇਸਤਾਗਾਸਾ ਵਕੀਲ ਟਿਮੋਥੀ ਡੋਨੋਵਾਨ ਨੇ ਕਿਹਾ ਕਿ ਬੀਤੇ ਸਾਲ ਦਸੰਬਰ ਵਿੱਚ ਡੇਨੀਅਲ ਕੋਰੋਨੇਲ ਵਿਲਸਨ ਨੇ ਕੈਲੀਫੋਰਨੀਆ ਦੇ ਫਰੈਜ਼ਨੋ ਇਲਾਕੇ ਵਿੱਚ ਸਿੱਖ ਹੋਣ ਕਾਰਨ ਸਿੱਖ ਬਜ਼ੁਰਗ ਅਮਰੀਕ ਸਿੰਘ ਬੱਲ ਨੂੰ ਅਤਿਵਾਦੀ ਸਮਝ ਕੇ ਉਸ ਉੱਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਵਿਲਸਨ ਨੇ ਸਿੱਖ ਬਜ਼ੁਰਗ ਦੇ ਚਿਹਰੇ ’ਤੇ ਕਈ ਘਸੁੰਨ ਮਾਰੇ ਤੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਦੋਸ਼ੀ ਦੇ ਵਕੀਲ ਨੇ ਜੱਜ ਜੋਨਾਥਨ ਕੋਨਕਿਨ ਨੂੰ ਅਪੀਲ ਕੀਤੀ ਕਿ ਉਸ ਦੇ ਮੁਵੱਕਿਲ ਨੂੰ ਜ਼ਮਾਨਤ ਦਿੱਤੀ ਜਾਵੇ ਪਰ ਜੱਜ ਨੇ ਇਸ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਤੇ ਕਿਹਾ ਵਿਲਸਨ ਨੂੰ ਸਜ਼ਾ ਦਾ ਐਲਾਨ 2 ਦਸੰਬਰ ਨੂੰ ਹੋਵੇਗਾ ਤੇ ਉਦੋਂ ਤੱਕ ਉਹ ਜੇਲ੍ਹ ਵਿੱਚ ਹੀ ਰਹੇਗਾ ਤੇ ਉਸ ਨੂੰ ਜ਼ਮਾਨਤ ਵੀ ਨਹੀਂ ਦਿੱਤੀ ਜਾਵੇਗੀ। ਦੋਸ਼ੀ ਨੂੰ ਕਰੀਬ ਅੱਠ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਜਿਊਰੀ ਨੇ ਕਿਹਾ ਕਿ ਇਹ ਨਫ਼ਰਤੀ ਹਮਲਾ ਸੀ। ਹਮਲਾਵਰ ਨੂੰ ਦੋਸ਼ੀ ਕਰਾਰ ਦੇਣ ਤੋਂ ਪਹਿਲਾਂ ਕਈ ਗਵਾਹੀਆਂ ਲਈਆਂ ਗਈਆਂ ਸਨ। ਇਸ ਮਾਮਲੇ ਵਿੱਚ ਇਕ ਹੋਰ ਮੁਲਜ਼ਮ ਐਲੇਕਸ ਮੈਂਡੋਜ਼ ਵੀ ਸੀ ਪਰ ਉਸ ਨੇ ਇਸ ਸਾਲ ਅਪਰੈਲ ਵਿੱਚ ਖ਼ੁਦਕੁਸ਼ੀ ਕਰ ਲਈ ਸੀ।

Comments