ਤਿੰਨਾਂ ਜਥੇਦਾਰਾਂ ਵਲੋਂ ਦਿਖਾਈ ਫਰਾਖਦਿਲੀ ਅਤੇ ਨਿਮਰਤਾ ਸ਼ਲਾਘਾਯੋਗ ”
ਲੰਡਨ – (ਜਾਗੋ ਸਿੱਖ ਮੀਡੀਆ ਬਿਊਰੋ)ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਅਗਵਾਈ ਹੇਠ 10 ਨਵੰਬਰ ਨੂੰ ਹੋਣ ਜਾ ਰਿਹਾ ਸਰਬੱਤ ਖਾਲਸਾ ਇਤਿਹਾਸਕ ਹੋਵੇਗਾ । ਖਾਲਸਾ ਪੰਥ ਵਿੱਚ ਇਸ ਸਬੰਧੀ ਚੱਲ ਰਹੀ ਖਿੱਚੋਤਾਣ ਅਤੇ ਬੇਇਤਫਾਕੀ ਨੂੰ ਵਿਰਾਮ ਲਗਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਖਾਲਸਾ ਵਲੋਂ ਧਾਰਨ ਕੀਤੀ ਨਿਮਰਤਾ ਅਤੇ ਦੂਰ ਅੰਦੇਸ਼ੀ ਬੇਹੱਦ ਸ਼ਲਾਘਾਯੋਗ ਹੈ । ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਦਾ ਡੱਟ ਕੇ ਸਮਰਥਨ ਕਰਦਿਆਂ ਆਖਿਆ ਗਿਆ ਕਿ ਇਸ ਦੌਰਾਨ ਪਾਸ ਕੀਤੇ ਜਾਣ ਵਾਲੇ ਮਤਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਧਨ ਅਤੇ ਵਸੀਲੇ ਵੀ ਪਹਿਲ ਦੇ ਅਧਾਰ ਤੇ ਪੈਦਾ ਕਰਨ ਦੀ ਲੋੜ ਹੈ ਅਤੇ ਇਸ ਵਿੱਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਵਾਸਤੇ ਸਥਾਈ ਹੱਲ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਅਰੰਭ ਹੋਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਹੱਕ ਵਿੱਚ ਮਤਾ ਸ਼ਾਮਲ ਕੀਤਾ ਜਾਵੇ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਮੂਹ ਸਿੱਖ ਜਗਤ ਨੂੰ ਵੱਧ ਚੜ੍ਹ ਕੇ ਸਰਬੱਤ ਖਾਲਸਾ ਵਿੱਚ ਪੁੱਜਣ ਦੀ ਅਪੀਲ ਕੀਤੀ ਹੈ । ਖਾਲਸੇ ਨੇ ਕਿਸ ਪ੍ਰਕਾਰ ,ਕਿਹੜੀ ਵਿਧੀ ਵਿਧਾਨ ਹੇਠ ਵਿੱਚਰਨਾ ਹੈ ਉਹ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਮੌਕੇ ਹੀ ਦ੍ਰਿੜ ਕਰਵਾ ਦਿੱਤਾ ਸੀ ,ਜਿਸ ਬਾਰੇ ਰਹਿਤ ਨਾਮਿਆਂ ਵਿੱਚ ਵਿਸਥਾਰ ਸਹਿਤ ਜ਼ਿਕਰ ਕੀਤਾ ਹੋਇਆ ਹੈ ਅਤੇ ਆਪਾਂ ਸੀਨੇ ਬਸੀਨੇ ਆਪਣੇ ਬਜ਼ੁਰਗਾਂ ਪਾਸੋਂ ਸੁਣਦੇ ਆ ਰਹੇ ਹਾਂ । ਜਿਸ ਅਨੁਸਾਰ ਅੱਜ ਤੱਕ ਬਹੁਤ ਸਾਰੇ ਸਿੱਖਾਂ ਨੇ ਪ੍ਰਮਾਰਥ ਦੇ ਰਸਤੇ ਤੇ ਚੱਲਦਿਆਂ ਮੰਜਿਲ ਹਾਸਲ ਕੀਤੀ ,ਲੱਖਾਂ ਸਿੱਖਾਂ ਨੇ ਜੁæਲਮ ਦੇ ਖਿਲਾਫ ਸੰਘਰਸ਼ ਕੀਤਾ ਅਤੇ ਦੋ ਵਾਰ ਅਜਾਦ ਸਿੱਖ ਰਾਜ ਸਥਾਪਤ ਕੀਤਾ । 26 ਜਨਵਰੀ 1986 ਵਾਲੇ ਸਰਬੱਤ ਖਾਲਸੇ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਸ਼ਹੀਦੀ ਸਮਾਗਮ ਦੇ ਨਾਮ ਤੇ ਭਾਰੀ ਇਕੱਠ ਕੀਤਾ ਗਿਆ ਸੀ । ਜੋ ਕਿ ਸਰਬੱਤ ਖਾਲਸੇ ਦੀ ਭੂਮਿਕਾ ਵਜੋਂ ਹੀ ਸੀ । ਉਪਰੰਤ ਬਾਬਾ ਠਾਕੁਰ ਸਿੰਘ ਜੀ ਅਤੇ ਸਰਬੱਤ ਖਾਲਸਾ ਦੀ ਵਿਉਂਤਬੰਦੀ ਕਰਨ ਵਾਲਿਆਂ ਨੇ ਸਮੂਹ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਸੀ । ਪਿਛਲੇ ਸਾਲ ਵਾਲੇ ਸਰਬੱਤ ਖਾਲਸਾ ਵਿੱਚ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਨਾਲ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਅਤੇ ਉਹਨਾਂ ਦੀ ਲਾਸਾਨੀ ਸ਼ਹਾਦਤ ਨਾਲ ਪ੍ਰਚੰਡ ਹੋਏ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਨੂੰ ਸੱਤ ਲੱਖ ਸਿੱਖਾਂ ਵਲੋਂ ਫਤਵਾ ਮਿਲਿਆ ਸੀ ਜੋ ਕਿ ਮਾਣ ਵਾਲੀ ਗੱਲ ਹੈ । 26 ਜਨਰਵੀ 1986 ਅਤੇ ਪਿਛਲੇ ਸਾਲ ਹੋਏ ਸਰਬੱਤ ਖਾਲਸੇ ਵਿੱਚ ਇੱਕ ਵੱਡਾ ਅੰਤਰ ਇਹੀ ਸੀ ਕਿ ਉਦੋਂ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਨੂੰ ਦੇਖ ਕੇ ਹੀ ਸਰਕਾਰੀ ਜਥੇਦਾਰ ਕਿਰਪਾਲ ਸਿੰਘ ਵਰਗੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੱਤਰਾ ਵਾਚ ਗਏ ਸਨ ਕਿਉਂ ਕਿ ਮਤਿਆਂ ਨੂੰ ਲਾਗੂ ਕਰਵਾਉਣ ਵਾਲੀ ਸੰਘਰਸ਼ ਮਈ ਸਕਤੀ ਅਤੇ ਵਸੀਲੇ ਮੌਜੂਦ ਸਨ। ਅੱਜ ਵੀ ਇਸ ਗੱਲ ਦੀ ਜਰੂਰਤ ਹੈ ਕਿ ਜਿਹਨਾਂ ਮਤਿਆਂ ਨੂੰ ਸਰਬੱਤ ਖਾਲਸਾ ਨੇ ਪ੍ਰਵਾਨਗੀ ਦੇਣੀ ਹੈ ਉਹਨਾਂ ਨੂੰ ਲਾਗੂ ਕਰਨ ਦੀ ਵਿਉਂਤ ਬੰਦੀ ਕੀਤੀ ਜਾਵੇ ਅਤੇ ਲੋੜੀਦੇ ਵਸੀਲੇ ਪਹਿਲ ਦੇ ਅਧਾਰ ਤੇ ਕਾਇਮ ਕੀਤੇ ਜਾਣ । ਜਿਹੜੇ ਲੋਕ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਵਾਸਤੇ ਬਣਾਏ ਗਏ ਵਿਧੀ ਵਿਧਾਨ ਤੇ ਕਿੰਤੂ ਕਰ ਰਹੇ ਹਨ , ਉਹ ਸਿੱਖ ਇਤਿਹਾਸ ,ਸਿੱਖ ਪ੍ਰੰਪਰਾਵਾਂ ਅਤੇ ਸਿੱਖ ਸਿਧਾਂਤਾਂ ਨੂੰ ਪੁੱਠਾ ਗੇੜਾ ਦੇਣ ਲਈ ਯਤਨ ਸ਼ੀਲ ਹਨ । ਜਿਹਨਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ ,ਤਾਂ ਕਿ ਇਹ ਕਿਸੇ ਬਹਾਨੇ ਇਹ ਸਿੱਖ ਕੌਮ ਵਿੱਚ ਭਰਮ ਭੁਲੇਖੇ ਨਾ ਪੈਦਾ ਕਰ ਸਕਣ ।
Comments
Post a Comment