ਯੂਕੇ ਦੇ ਸਿੱਖ ਆਪਣੇ ਆਪ ਨੂੰ ‘ਭਾਰਤੀ’ ਕਹਾਉਣਾ ਨਹੀਂ ਕਰਦੇ ਪਸੰਦ

ਆਪਣੀ ਵੱਖਰੀ ਪਛਾਣ ‘ਸਿੱਖ ਵੱਖਰੀ ਕੌਮ’ ਹੋਣ ਨੂੰ ਦਿੰਦੇ ਹਨ ਤਰਜੀਂਹ
ਲੰਡਨ, (ਜਾਗੋ ਸਿੱਖ ਮੀਡੀਆ ਬਿਊਰੋ): ਯੂਕੇ ਸਿੱਖ ਸਰਵੇਂ 2016 ਦੇ ਅਨੁਸਾਰ ਯੂਕੇ ਵਿੱਚ ਰਹਿਣ ਵਾਲੇ ਬਹੁਗਿਣਤੀ ਸਿੱਖ ਆਪਣੇ ਆਪ ਨੂੰ ‘ਭਾਰਤੀ’ ਜਾਂ ‘ਏਸ਼ੀਅਨ’ ਨਹੀਂ ਅਖਵਾਉਂਦੇ ਅਤੇ ਆਪਣੇ ਆਪ ਨੂੰ ਇੱਕ ਵੱਖਰੀ ਕੌਮ,ਸਿੱਖ ਪਹਿਚਾਣ ਜਾਂ ਆਪਣੇ ਆਪ ਨੂੰ ਸਿਰਫ ਸਿੱਖ ਅਖਵਾਉਣ ਨੂੰ ਤਰਜੀਂਹ ਦਿੰਦੇ ਹਨ।
ਸਿੱਖ ਨੈੱੇਵਰਕ ਦੁਆਰਾ ਕਰਵਾਏ ਗਏ ਸਾਲਾਨਾ ਸਰਵੇ ਵਿੱਚ ਬਹੁ ਗਿਣਤੀ ਵਿੱਚ ਲੋਕਾਂ ਨੇ ਜਵਾਬ ਦਿੱਤੇ।ਇਸ ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਿੱਖ ਭਾਈਚਾਰਾ ਨਸਲੀ ਹਮਲਿਆਂ ਅਤੇ ਵਿਤਕਰਿਆਂ ਦਾ ਲਗਾਤਾਰ ਸਾਹਮਣਾ ਕਰ ਰਿਹਾ ਹੈ।
ਇਸ ਸਰਵੇ ਦੀ ਰਿਪੋਰਟ ‘ਚ ਨੈੱਟਵਰਕ ਦੇ ਖੁਲਾਸੇ ਸ਼ਾਮਲ ਹਨ ਅਤੇ ਇਸ ਨੂੰ ਬ੍ਰਿਟਿਸ਼ ਸਿੱਖ ਭਾਈਚਾਰੇ ਦੇ ਮੌਜੂਦਾ ਰੁਝਾਨ ਅਤੇ ਵਿਕਾਸ ਨੂੰ ਸਮਝਨ ਲਈ ਸਰਕਾਰੀ ਵਿਭਾਗਾਂ, ਹੋਰ ਜਨਤਕ ਅਦਾਰਿਆਂ ਅਤੇ ਰਾਜਨੀਤਕ ਪਾਰਟੀਆਂ ਦੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।ਇਸ ਸਰਵੇਖਣ ਵਿੱਚ 20 ਵਿੱਚੋ 19 ਸਿੱਖਾਂ ਨੇ ਆਪਣੇ ਆਪ ਨੂੰ ‘ਭਾਰਤੀ’ ਜਾਂ ‘ਏਸ਼ੀਅਨ’ ਅਖਵਾਉਣਾ ਅਸਵੀਕਾਰ ਕੀਤਾ ਹੈ, 93.5 ਫੀਸਦੀ ਨੇ ਕਿਹਾ ਕਿ 2021 ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਲਈ ਇੱਕ ਵੱਖਰੀ ਕੌਮ ਟਿੱਕ ਬਾਕਸ ਦਾ ਉਹ ਸਵਾਗਤ ਕਰਨਗੇ ਅਤੇ 94 ਫੀਸਦੀ ਤੋਂ ਵੱਧ ਨੇ ਕਿਹਾ ਹੈ ਕਿ ਉਹ ਸਿੱਖ ਦਸਤਾਰ ਅਤੇ ਪੰਜ ਕਕਾਰ (ਕੇਸ,ਕੜਾ,ਕੰਘਾ,ਕ੍ਰਿਪਾਨ,ਕਛਹਿਰਾ) ਦੇ ਲਈ ਸਟੈਚੁਟਰੀ ਕੋਡ ਦਾ ਸਵਾਗਤ ਕਰਨਗੇ।
ਇਸ ਸਰਵੇਂ ਵਿੱਚ ਬਹੁ ਗਿਣਤੀ ਵਿੱਚ ਜਵਾਬ ਦੇਣ ਵਾਲਿਆਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਆਪ੍ਰੇਸ਼ਨ ਸਾਕਾ ਨੀਲਾ ਤਾਰਾ ਅਤੇ ਉਸਤੋ ਬਾਅਦ ਵਿੱਚ ਬ੍ਰਿਟਿਸ਼ ਸਰਕਾਰ ਦੀ ਕਾਰਵਾਈ ਬਾਰੇ ਸੁਤੰਤਰ ਰੂਪ ਨਾਲ ਜਾਂਚ ਕਰਵਾਈ ਜਾਵੇ।

Comments