ਕਿਸੇ ਕੀਮਤ ‘ਤੇ ਵੀ ਰੱਦ ਨਹੀਂ ਹੋਵੇਗਾ ਸਰਬੱਤ ਖਾਲਸਾ

ਬਠਿੰਡਾ, 29 ਨਵੰਬਰ (ਜਾਗੋ ਸਿੱਖ ਮੀਡੀਆ ਬਿਊਰੋ )-ਸਰਬੱਤ ਖਾਲਸਾ ਪ੍ਰਬੰਧਕ ਧਿਰਾਂ ਦੀ ਅਹਿਮ ਇਕੱਤਰਤਾ ਅੱਜ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਸਰਬੱਤ ਖਾਲਸਾ ਚੱਬਾ ‘ਚ ਥਾਪੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਹੋਈ | ਇਕੱਤਰਤਾ ‘ਚ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ, ਯੂਨਾਈਟਿਡ ਅਕਾਲੀ ਦਲ, ਪੰਥਕ ਸੇਵਾ ਲਹਿਰ ਤੇ ਹੋਰ ਪੰਥਕ ਧਿਰਾਂ ਦੇ ਜ਼ਿਲ੍ਹਾ ਮਾਨਸਾ, ਬਰਨਾਲਾ ਦੇ ਆਗੂਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਜਥੇਦਾਰ ਦਾਦੂਵਾਲ ਨੇ 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਹੋ ਰਹੇ ਸਰਬੱਤ ਖਾਲਸੇ ਸਬੰਧੀ ਡਿਊਟੀਆਂ ਲਗਾਉਂਦਿਆਂ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਆਖਿਆ ਕਿ ਇਸ ਵਾਰ ਸਰਬੱਤ ਖਾਲਸਾ ਹਰ ਹਾਲ ਹੋ ਕੇ ਰਹੇਗਾ ਤੇ ਕਿਸੇ ਕੀਮਤ ‘ਤੇ ਵੀ ਰੱਦ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਰਬੱਤ ਖਾਲਸਾ ‘ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰੀ ਦੀ ਮੋਗਾ ਰੈਲੀ ਵੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਪੰਜਾਬ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ | ਉਨ੍ਹਾਂ ਸਮੂਹ ਪੰਥਕ ਧਿਰਾਂ, ਸੰਤ ਸਮਾਜ, ਪੰਚਾਇਤਾਂ, ਯੂਥ ਕਲੱਬਾਂ, ਸਾਰੇ ਧਰਮਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਲਾਮਬੱਧ ਹੋ ਕੇ ਸਰਬੱਤ ਖਾਲਸਾ ‘ਚ ਪੁੱਜਣ ਦੀ ਅਪੀਲ ਕੀਤੀ | ਇਕੱਤਰਤਾ ‘ਚ ਸਰਬੱਤ ਖਾਲਸਾ ਦੇ ਪ੍ਰਬੰਧਕ ਭਾਈ ਗੁਰਦੀਪ ਸਿੰਘ ਤੇ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਵਰਕਰਾਂ ਨੂੰ ‘ਕਰੋ ਜਾਂ ਮਰੋਂ’ ਦੀ ਨੀਤੀ ‘ਤੇ ਚੱਲਦਿਆਂ ਸਰਬੱਤ ਖਾਲਸਾ ਦੀਆਂ ਤਿਆਰੀਆਂ ਕਰਨ ਦੀ ਅਪੀਲ ਕੀਤੀ | ਇਸ ਮੌਕੇ ਬਲਵਿੰਦਰ ਸਿੰਘ ਮੰਡੇਰ, ਇਕਬਾਲ ਸਿੰਘ ਬੀਰਬਲ, ਰਜਿੰਦਰ ਸਿੰਘ ਜਵਾਹਰਕੇ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਬੀਬੀ ਸਿਮਰਜੀਤ ਕੌਰ ਰਾਮਪੁਰਾ, ਜੋਬਨਪ੍ਰੀਤ ਸਿੰਘ, ਗੁਰਮੀਤ ਸਿੰਘ ਬੱਜੋਆਣਾ, ਸਿਮਰਜੋਤ ਸਿੰਘ ਖਾਲਸਾ, ਗਮਦੂਰ ਸਿੰਘ ਆਦਿ ਹਾਜ਼ਰ ਸਨ |

Comments