ਅਫ਼ਗਾਨਿਸਤਾਨ, ਈਰਾਨ, ਈਰਾਕ ‘ਚ ਸਿੱਖਾਂ ਦੀ ਹਿਫ਼ਾਜਤ ਲਈ ਕਦਮ ਉਠਾਏ ਜਾਣਗੇ-ਪ੍ਰੋ. ਬਡੂੰਗਰ
‘ਐਸ.ਵਾਈ.ਐਲ. ਦੇ ਮੁੱਦੇ ‘ਤੇ ਸ਼੍ਰੋਮਣੀ ਕਮੇਟੀ ਰਾਸ਼ਟਰਪਤੀ ਨੂੰ ਵੱਖਰੇ ਤੌਰ ‘ਤੇ ਮਿਲੇਗੀ’
ਲਿਫ਼ਾਫ਼ੇ ‘ਚੋਂ ਨਹੀਂ ਨਿਕਲਦਾ ਸ਼੍ਰੋਮਣੀ ਕਮੇਟੀ ਪ੍ਰਧਾਨ, ਲੋਕਤੰਤਰੀ ਢੰਗ ਨਾਲ ਹੁੰਦੀ ਹੈ ਚੋਣ
ਅਕਾਲੀ ਦਲ ਪਟਿਆਲਾ ਸ਼ਹਿਰੀ ਤੇ ਦਿਹਾਤੀ, ਸਿੱਖ ਸੰਸਥਾਵਾਂ ਤੇ ਸਭਾ ਸੁਸਾਇਟੀਆਂ ਨੇ ਦਿਤਾ ਸਨਮਾਨ
ਪਟਿਆਲਾ, 29 ਨਵੰਬਰ (ਕੰਵਰ ਬੇਦੀ/ਜਾਗੋ ਸਿੱਖ ਮੀਡੀਆ ਬਿਊਰੋ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਚੁਣੇ ਗਏ ਨਵੇਂ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਕਰਵਾਏ ਗਏ ਸ਼ੁਕਰਾਨਾ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਸ਼ਹਿਰੀ ਤੇ ਦਿਹਾਤੀ ਜਥੇਬੰਦੀ, ਯੂਥ, ਇਸਤਰੀ ਅਤੇ ਹੋਰਨਾਂ ਵਿੰਗਾਂ ਸਮੇਤ ਸਿੱਖ ਸੰਸਥਾਵਾਂ ਅਤੇ ਸਥਾਨਕ ਗੁਰਦੁਆਰਾ ਸਾਹਿਬਾਨਾਂ ਦੀਆਂ ਸਭਾ ਸੁਸਾਇਟੀਆਂ ਵਲੋਂ ‘ਬਾਬਾ ਬੰਦਾ ਸਿੰਘ ਬਹਾਦਰ ਐਵਾਰਡ’ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਨਿਰਮਲ ਸਿੰਘ ਹਰਿਆਊ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਅਫ਼ਗਾਨਿਸਤਾਨ ਸਮੇਤ ਈਰਾਨ ਅਤੇ ਇਰਾਕ ਆਦਿ ਮੁਸਲਿਮ ਮੁਲਕਾਂ ‘ਚ ਸਿੱਖਾਂ ਦੀ ਹਿਫ਼ਾਜਤ ਲਈ ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਰਾਹੀਂ ਉਥੋਂ ਦੀਆਂ ਸਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਲੋੜੀਂਦੇ ਉਚੇਚੇ ਕਦਮ ਉਠਾਏਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਸ਼ਵ ਦੇ ਉਨ੍ਹਾਂ ਹੋਰਨਾਂ ਮੁਲਕਾਂ, ਜਿਥੇ ਸਿੱਖ ਦੀ ਪਹਿਚਾਣ ਬਾਬਤ ਕੋਈ ਸੰਦੇਹ ਹੈ, ਉਸ ਨੂੰ ਹੱਲ ਕਰਨ ਬਾਰੇ ਵੀ ਸੁਹਿਰਦ ਯਤਨ ਕੀਤੇ ਜਾਣਗੇ। ਇਕ ਵੱਖਰੇ ਸਵਾਲ ਦੇ ਜੁਆਬ ‘ਚ ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ‘ਚ ਪਾਣੀਆਂ ਦੀ ਸਮੱਸਿਆ ਸਾਰੇ ਪੰਜਾਬੀਆਂ ਦੀ ਸਾਂਝੀ ਸਮੱਸਿਆ ਹੈ ਤੇ ਸ਼੍ਰੋਮਣੀ ਕਮੇਟੀ ਵੀ ਇਸ ਬਾਰੇ ਸੁਚੇਤ ਹੈ ਤੇ ਅਪਣੇ ਯਤਨ ਕਰਦਿਆਂ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਕੇ ਐਸ.ਵਾਈ.ਐਲ. ਨਹਿਰ ਦੀ ਉਸਾਰੀ ਨਾ ਕਰਨ ਬਾਰੇ ਆਖੇਗੀ।
ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਉਪਰ ਕਾਲੇ ਧਨ ਨੂੰ ਸਫੈਦ ਕਰਨ ਦੇ ਲਾਏ ਦੋਸ਼ਾਂ ਬਾਰੇ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਉਸਨੂੰ ਅਪਣੀ ਰਾਜਨੀਤੀ ਲਈ ਘੱਟੋ-ਘੱਟ ਗੁਰੂ ਘਰ ਨੂੰ ਤਾਂ ਬਖ਼ਸ਼ ਦੇਣਾ ਚਾਹੀਦਾ ਹੈ। ਕੈਪਟਨ ਦੀ ਸ਼੍ਰੋਮਣੀ ਅਕਾਲੀ ਦਲ ‘ਚ ਸ਼ਮੂਲੀਅਤ ਤੇ ਮਗਰੋਂ ਛੱਡਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਸ਼ਖ਼ਸ ਨੂੰ ਅਜਿਹੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ ਜੋ ਖ਼ੁਦ ਅਕਾਲੀ ਦਲ ‘ਚ ਰਿਹਾ ਹੋਵੇ, ਇਸ ਲਈ ਉਹ ਐਸ.ਜੀ.ਪੀ.ਸੀ. ਦੇ ਕੰਮਾਂ ‘ਚ ਦਖਲ ਅੰਦਾਜੀ ਵਾਲੀ ਗੱਲ ਨਾ ਹੀ ਕਰੇ ਤਾਂ ਚੰਗਾ ਹੈ। ਨੋਟਬੰਦੀ ਬਾਬਤ ਪ੍ਰੋ. ਬਡੂੰਗਰ ਨੇ ਦਸਿਆ ਕਿ ਉਨ੍ਹਾਂ ਨੇ ਆਰਬੀਆਈ ਨੂੰ ਕੁਝ ਹੋਰ ਮੋਹਲਤ ਦੇਣ ਦੀ ਅਪੀਲ ਕੀਤੀ ਸੀ ਪਰੰਤੂ ਉਨ੍ਹਾਂ ਦਾ ਜੁਆਬ ਨਹੀਂ ਆਇਆ ਪਰੰਤੂ ਇਕ ਗੱਲ ਅਟਲ ਸਚਾਈ ਹੈ ਕਿ ਗੁਰੂ ਘਰ ਨਾ ਹੀ ਕਿਸੇ ਦਾ ਮੰਗਤਾ ਹੈ ਅਤੇ ਨਾ ਹੀ ਗੁਰੂ ਘਰ ਨੂੰ ਕਦੇ ਘਾਟਾ ਪੈਂਦਾ ਹੈ, ਕਿਉਂਕਿ ਇਹ ਸਭ ਦਾ ਸਾਂਝਾ ਘਰ ਹੈ।
ਕੁਝ ਧਿਰਾਂ ਵਲੋਂ ਸਰਬੱਤ ਖ਼ਾਲਸਾ ਕੀਤੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਧਿਰਾਂ ਨੂੰ ਖ਼ੁਦ ਜਾ ਕੇ ਮਿਲਣਗੇ ਪਰੰਤੂ ਇਸ ਵੇਲੇ ਹਾਲਾਤ ਕੁਝ ਅਜਿਹੇ ਹਨ ਇਸ ਲਈ ਹੁਣ ਮਿਲਣਾ ਕਿਸੇ ਨਤੀਜੇ ‘ਤੇ ਨਹੀਂ ਪੁਜੇਗਾ ਇਸ ਲਈ ਸਹੀ ਸਮਾਂ ਆਉਣ ‘ਤੇ ਉਹ ਸਭਨਾਂ ਧਿਰਾਂ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਜਿਹੇ ਬਿਆਨ ਦੇਣ ਮਗਰੋਂ ਦੂਜੀਆਂ ਧਿਰਾਂ ਵੀ ਕੁਝ ਨਰਮ ਪਈਆਂ ਹਨ।
ਇਸ ਤੋਂ ਪਹਿਲਾਂ ਸੰਗਤਾਂ ਦੇ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆਂ ਪ੍ਰੋ. ਬਡੂੰਗਰ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਦੇ ਲਿਫ਼ਾਫ਼ੇ ‘ਚੋਂ ਨਹੀਂ ਨਿਕਲਦਾ ਸਗੋਂ ਪੂਰੀ ਲੋਕਤੰਤਰੀ ਪ੍ਰਕ੍ਰਿਆ ਅਪਣਾ ਕੇ ਇਸ ਦੀ ਚੋਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ ਲਾਉੁਂਦੇ ਹਨ, ਅਜਿਹੀਆਂ ਪਾਰਟੀਆਂ ਤੇ ਅਜਿਹੇ ਲੋਕ ਹੀ ਜਿਨ੍ਹਾਂ ਦੇ ਇਕ ਕੌਂਸਲਰ ਦੀ ਟਿਕਟ ਵੀ ਦਿੱਲੀ ਤੋਂ ਆਉਂਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਧਰਮ ‘ਚ ਧਰਮ ਅਤੇ ਰਾਜਨੀਤੀ ਇਕਠੇ ਚਲਦੇ ਹਨ, ਇਸ ਲਈ ਜੇਕਰ ਇਕ ਧਿਰ ਮਜ਼ਬੂਤ ਹੈ ਤਾਂ ਦੂਜੀ ਧਿਰ ਵੀ ਅਪਣੇ ਆਪ ਮਜ਼ਬੂਤ ਹੁੰਦੀ ਹੈ ਕਿਉਂਕਿ ਜੇ ਤਾਕਤ ਹੈ ਤਾਂ ਧਰਮ ਵੀ ਮਜਬੂਤ ਹੋਵੇਗਾ। ਉਨ੍ਹਾਂ ਨੇ ਨਾਲ ਹੀ ਅਗਾਮੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਵੀ ਸੱਦਾ ਦਿਤਾ।
ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ‘ਚ ਸਿੱਖ ਕੌਮ ਅੰਦਰ ਪੰਥਕ ਏਕਤਾ ਬਹੁਤ ਜਰੂਰੀ ਹੈ ਤੇ ਉਹ ਇਸ ਲਈ ਹਰ ਤਰ੍ਹਾਂ ਦੇ ਸੁਹਿਰਦ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਗਤੀਸ਼ੀਲ ਹੈ ਤੇ ਇਸ ਵਲੋਂ ਹਰ ਚੁਣੌਤੀ ਦਾ ਮੁਕਾਬਲਾ ਡਟਕੇ ਕੀਤਾ ਗਿਆ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਕਰੇਗਾ। ਪ੍ਰਧਾਨ ਨੇ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਆ ਰਹੇ 350 ਸਾਲਾ ਪ੍ਰਕਾਸ਼ ਉਤਸਵ, ਜਿਸ ਨੂੰ ਮਨਾਉਣ ਲਈ ਭਾਰਤ ਦੀ ਸਰਕਾਰ ਸਮੇਤ ਪੰਜਾਬ ਤੇ ਬਿਹਾਰ ਦੀਆਂ ਸਰਕਾਰਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਹਨ, ‘ਚ ਸ਼ਮੂਲੀਅਤ ਕਰਨ ਲਈ ਅਪਣਾ ਭਰਵਾਂ ਯੋਗਦਾਨ ਪਾਉਣ।
ਇਸ ਦੌਰਾਨ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਬੀਬੀ ਵਨਿੰਦਰ ਕੌਰ ਲੂੰਬਾ, ਹਲਕਾ ਪਟਿਆਲਾ ਦਿਹਾਤੀ ਦੇ ਉਮੀਦਵਾਰ ਸਤਬੀਰ ਸਿੰਘ ਖੱਟੜਾ, ਹਲਕਾ ਨਾਭਾ ਦੇ ਉਮੀਦਵਾਰ ਕਬੀਰ ਦਾਸ, ਹਲਕਾ ਸਨੌਰ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਧੀਰ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਮੁੱਖ ਬੁਲਾਰਾ ਚੇਅਰਮੈਨ ਨਰਦੇਵ ਸਿੰਘ ਆਕੜੀ, ਕੰਬੋਜ ਭਲਾਈ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਸ਼ੇਖਪੁਰਾ, ਮੇਅਰ ਅਮਰਿੰਦਰ ਸਿੰਘ ਬਜ਼ਾਜ਼, ਇੰਦਰਮੋਹਨ ਸਿੰਘ ਬਜ਼ਾਜ਼, ਮੈਂਬਰ ਐਸਜੀਪੀਸੀ ਸੁਰਜੀਤ ਸਿੰਘ ਗੜ੍ਹੀ, ਸਤਵਿੰਦਰ ਸਿੰਘ ਟੌਹੜਾ, ਲਾਭ ਸਿੰਘ ਦੇਵੀਨਗਰ, ਜਸਮੇਰ ਸਿੰਘ ਲਾਛੜੂ, ਬੀਬੀ ਹਰਦੀਪ ਕੌਰ ਖੋਖ, ਬੀਬੀ ਕਮਲੇਸ਼ ਕੌਰ, ਸ਼ਵਿੰਦਰ ਸਿੰਘ ਸੱਭਰਵਾਲ, ਜਰਨੈਲ ਸਿੰਘ ਕਰਤਾਰਪੁਰ, ਗੁਰਪ੍ਰੀਤ ਸਿੰਘ ਝੱਬਰ, ਬਲਵੰਤ ਸਿੰਘ ਰਾਮਗੜ੍ਹ, ਯੂਥ ਅਕਾਲੀ ਦਲ ਦਿਹਾਤੀ 1 ਤੇ 2 ਦੇ ਪ੍ਰਧਾਨ ਮਨਜੋਤ ਸਿੰਘ ਚਹਿਲ ਤੇ ਰਣਜੀਤ ਸਿੰਘ ਰਾਣਾ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਬੀਬੀ ਬਲਵਿੰਦਰ ਕੌਰ ਚੀਮਾ, ਬੀਬੀ ਬਲਜੀਤ ਕੌਰ ਅਕਾਲਗੜ੍ਹ, ਬੀਬੀ ਕੁਲਵੰਤ ਕੌਰ, ਚੇਅਰਪਰਸਨ ਨਾਭਾ ਹਰਪ੍ਰੀਤ ਕੌਰ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਮਹਿੰਦਰ ਸਿੰਘ ਲਾਲਵਾ, ਚੇਅਰਮੈਨ ਸੁਰਿੰਦਰ ਸਿੰਘ ਪਹਿਲਵਾਨ, ਚੇਅਰਮੈਨ ਜਸਪਾਲ ਸਿੰਘ ਕਲਿਆਣ, ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਧਰਮ ਸਿੰਘ ਧਾਂਰੋਂਕੀ, ਲਖਬੀਰ ਸਿੰਘ ਲੌਟ, ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਸੁਖਵਿੰਦਰ ਸਿੰਘ ਬਰਾਸ, ਹਰਵਿੰਦਰ ਸਿੰਘ ਹਰਪਾਲਪੁਰ, ਪਰਗਟ ਸਿੰਘ ਵਜੀਦਪੁਰ, ਸਮਸ਼ੇਰ ਸਿੰਘ ਚੌਧਰੀ ਮਾਜਰਾ, ਸੌਦਾਗਰ ਸਿੰਘ ਮੂੰਡਖੇੜਾ, ਚੈਨ ਸਿੰਘ ਪੰਜਹੱਥਾ, ਗੁਰਮੀਤ ਸਿੰਘ ਗੋਰਾਇਆ, ਸੁਖਵਿੰਦਰ ਸਿੰਘ ਗਾਗੂ, ਨਿਰਮਲ ਸਿੰਘ ਮੰਜਾਲ, ਕੌਂਸਲਰ ਜਸਪਾਲ ਸਿੰਘ ਬਿੱਟੂ ਚੱਠਾ, ਸੁਖਵਿੰਦਰ ਸਿੰਘ ਮਿੰਟਾ, ਮਾਲਵਿੰਦਰ ਸਿੰਘ ਝਿੱਲ, ਰਜਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਬੱਬੂ, ਸੁਰਜੀਤ ਸਿੰਘ ਹਸਨਪੁਰ, ਗੋਬਿੰਦ ਸਿੰਘ ਵਿਰਦੀ ਤੇ ਹੋਰ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਮੌਜੂਦ ਸਨ।
Comments
Post a Comment