ਅਕਾਲੀ ਮੰਤਰੀ ਮਲੂਕਾ ਦੇ ਦਫਤਰ ਦੇ ਉਦਘਾਟਨੀ ਸਮਾਰੋਹ ਦੌਰਾਨ ‘ਸਿੱਖ ਅਰਦਾਸ’ ਦੀ ਨਕਲ ਉੱਤੇ ‘ਬ੍ਰਾਹਮਣਵਾਦੀ ਅਰਦਾਸ’

ਸ੍ਰੀ ਦੁਰਗਾ ਭਗਵਤੀ ਸਿਮਰੀਐ, ਘਰ ਨਾਉ ਨਿਧ ਆਵੇ ਧਾਂਏ…ਸ੍ਰੀ ਗਣੇਸ਼ ਜੀ ਪ੍ਰਭੂ ਸਿਮਰੀਐ, ਸਭ ਥਾਈ ਹੋਵੇ ਸਹਾਏ –।
ਰਾਮਪੁਰਾਫੂਲ, (ਜਾਗੋ ਸਿੱਖ ਮੀਡੀਆ ਬਿਊਰੋ): ਵਿਧਾਨ ਸਭਾ ਹਲਕਾ ਰਾਮਪੁਰਾਫੂਲ ਤੋਂ ਅਕਾਲੀ ਦਲ ਦੇ ਉਮੀਦਵਾਰ,ਪੇਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਫਤਰ ਦਾ ਉਦਘਾਟਨੀਂ ਸਮਾਰੋਹ ਸ੍ਰੀ ਰਾਮਾਇਣ ਦੇ ਪਾਠ ਦਾ ਭੋਗ ਪਾ ਕੇ ਕੀਤਾ ਗਿਆ।ਇਸ ਸਮਾਗਮ ਦੌਰਾਨ ਮਲੂਕਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 7 ਅੰਕ ਅਕਾਲੀ ਦਲ ਲਈ ਸੁਭ ਹੈ।ਉਹਨਾਂ ਕਿਹਾ ਕਿ ਜਿਸ ਸਾਲ ਦੇ ਵਿੱਚ 7 ਦਾ ਅੰਕ ਆਉਂਦਾ ਹੈ ਉਸ ਸਾਲ ਜੇ ਚੌਣਾਂ ਹੋ ਜਾਣ ਤਾਂ ਅਕਾਲੀ ਦਲ ਦੀ ਸਰਕਾਰ ਬਣਦੀ ਹੈ।ਇਸ ਵਾਰ ਵੀ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ।
ਪਰ ਚਰਚਾ ਵਾਲੀ ਗੱਲ ਇਹ ਹੈ ਕਿ ਜਿੱਥੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਪਾਰਟੀ ਦੇ ਚੌਣ ਦਫਤਰਾਂ ਦਾ ਉਦਘਾਂਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਕੇ ਕੀਤਾ ਉੱਥੇ ਹੀ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਦੇ ਮੰਤਰੀ ਨੇ ਹਿੰਦੂ ਵੋਟਾਂ ਨੂੰ ਹੱਥ ‘ਚ ਕਰਨ ਲਈ ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ।
ਪਰ ਗੱਲ ਇੱਥੇ ਹੀ ਨਹੀਂ ਰੁਕੀ ਕੋਈ ਇਸ ਮੌਕੇ ਜਦੋਂ ਸ੍ਰੀ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ ਤਾਂ ਉਸ ਤੋਂ ਬਾਅਦ ਸਿੱਖ ਧਰਮ ਵੱਲੋਂ ਕੀਤੀ ਜਾਂਦੀ ਅਰਦਾਸ ਦੀ ਹੂ ਬ ਹੂ ਨਕਲ ਕਰਕੇ ਅਰਦਾਸ ਕੀਤੀ ਗਈ ਜਿਸ ਕਾਰਨ ਪੰਥਕ ਸਫਾਂ ਵਿੱਚ ਬਹੁਤ ਜਿਆਦਾ ਰੋਸ ਹੈ।ਪਰ ਦੁੱਖਦਾਈ ਗੱਲ੍ਹ ਇਹ ਹੈ ਕਿ ਇਹ ਸਭ ਸਿੱਖਾ ਦੀ ਸਿਰਮੌਰ ਸੰਸਥਾ ਐਸਜੀਪੀਸੀ ਦੇ ਮੈਂਬਰ ਸਤਨਾਮ ਸਿੰਘ ਭਾਈਰੂਪਾ ਦੀ ਹਾਜ਼ਰੀ ਵਿੱਚ ਹੋਇਆ।ਇਸ ਮੌਕੇ ਕੀਤੀ ਗਈ ਅਰਦਾਸ ਦੇ ਕੁਝ ਅੰਸ਼ ਹਨ,
ਸ੍ਰੀ ਦੁਰਗਾ ਭਗਵਤੀ ਸਿਮਰੀਐ, ਘਰ ਨਾਉ ਨਿਧ ਆਵੇ ਧਾਂਏ।
ਸ੍ਰੀ ਗਣੇਸ਼ ਜੀ ਪ੍ਰਭੂ ਸਿਮਰੀਐ, ਸਭ ਧਾਈ ਹੋਵੇ ਸਹਾਏ –।
ਸ੍ਰੀ ਗੀਤਾ ਜੀ ਤੱਥਾਂ ਸ੍ਰੀ ਰਮਾਇਣ ਜੀ ਕੇ ਪਾਠ ਦਾ ਧਿਆਨ ਧਰ ਬੋਲਣਾ ਜੀ — ਸ੍ਰੀ ਰਾਮ, ਸ੍ਰੀ ਰਾਮ, ਸ੍ਰੀ ਰਾਮ–।
ਜਿੰਨਾ ਧਰਮ ਵੀਰੋ ਨੇ ਸ਼ਨਾਤਨ ਧਰਮ ਦੀ ਰੱਖਿਆ ਲਈ —-
ਸੀਸ ਕਟਵਾਏ,
ਤਨ ਆਰਿਆ ਨਾਲ ਚਿਰਾਂਏ,
ਚਰਖੜੀਆਂ ਤੇ ਚੜਾਏ ਗਏ —- ਬੋਲੋ ਜੀ ਜੈ ਸ੍ਰੀ ਰਾਮ, ਜੈ ਸ੍ਰੀ ਰਾਮ, ਜੈ ਸ੍ਰੀ ਰਾਮ ।
ਸਨਾਤਨ ਧਰਮ ਦੀ ਰਖਿਆ ਲਈ, ਮੰਦਰ ਬਣਵਾਏ, ਗਊ ਰੱਖਿਆ ਕੀ ਧਿਆਨ ਧਰ ਬੋਲੋ ਜੀ –ਜੈ ਸ੍ਰੀ ਰਾਮ, ਜੈ ਸ੍ਰੀ ਰਾਮ, ਜੈ ਸ੍ਰੀ ਰਾਮ ।
ਸ਼ੁਭ ਸਤ ਸੰਗੀਏ ਕੋ ਨਾਮ ਚਿੱਤ ਆਵੇ,
ਜਹਾਂ ਜਹਾਂ ਹਿੰਦੂ —ਤਹਾਂ ਤਹਾਂ ਰੱਖਿਆ ਰਿਆਇਤ, ਬਿਰਧ ਕੀ ਪੈਜ,
ਹਿੰਦੂਆਂ ਕਾ ਬੋਲਬਾਲਾ —।
ਹਿੰਦੂਆਂ ਦਾ ਮਨ ਨੀਵਾਂ,
ਮਤ ਉੱਚੀ, ਮਤ ਕਾ ਰਾਖਾ — ਜੈ ਸ੍ਰੀ ਰਾਮ, ਜੈ ਸ੍ਰੀ ਰਾਮ ਜੈ ਸ੍ਰੀ ਰਾਮ ।
ਇਸ ਸੰਬੰਧੀ ਜਦੋਂ ਭਾਈਰੂਪਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਅਰਦਾਸ ਦੀ ਨਕਲ ਦੀ ਨਿਖੇਧੀ ਕਰਦੇ ਹਨ।ਇਹ ਨਹੀਂ ਕਰਨੀ ਚਾਹੀਦੀ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਹ ਤਾਂ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ ਹੈ।ਇਸ ਸੰਬੰਧ ਵਿੱਚ ਆਕਾਲ ਤਖਤ ਸਾਹਿਬ ਦੇ ਜੱਥੇਦਾਰ ਹੀ ਫੈਸਲਾ ਕਰ ਸਕਦੇ ਹਨ।ਉਹਨਾਂ ਕਿਹਾ ਕਿ ਰਾਮਾਇਣ ਦਾ ਪਾਠ ਹਿੰਦੂ ਵੀਰਾਂ ਦੀ ਮੰਗ ਉੱਤੇ ਕੀਤਾ ਗਿਆ।
ਵੱਖ ਵੱਖ ਪੰਥਕ ਸ਼ਖਸ਼ੀਅਤਾਂ ਨੇ ਸਿੱਖ ਅਰਦਾਸ ਦੀ ਨਕਲ ਕੀਤੇ ਜਾਣ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ ਅਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਇਸ ਉੱਤੇ ਸਖਤ ਕਾਰਵਾਈ ਕੀਤੀ ਜਾਵੇ।

Comments