ਨਿਊਯਾਰਕ, (ਜਾਗੋ ਸਿੱਖ ਮੀਡੀਆ ਬਿਊਰੋ): ਨਿਊਯਾਰਕ ਪੁਲਿਸ ਵਿੱਚ ਕੰਮ ਕਰਦੇ ਪੰਜਾਬੀ ਤੇ ਸਿੱਖ ਭਾਈਚਾਰੇ ਲਈ ਇੱਕ ਵੱਡੀ ਖਬਰ ਆਈ ਹੈ।ਨਿਊਯਾਰਕ ਪੁਲਿਸ ਵਿਭਾਗ ਨੇ ਆਪਣੇ ਨਵੇਂ ਆਦੇਸ਼ ਜਾਰੀ ਕੀਤੇ ਹਨ ਜਿਹਨਾਂ ਅਨੁਸਾਰ ਸਿੱਖ ਪੁਲਿਸ ਅਫਸਰ ਪੁਰਾਣੇ ਰਵਾਇਤੀ ਹੈਟਾਂ ਦੀ ਜਗ੍ਹਾ ਪੱਗ ਬੰਨ ਸਕਦੇ ਹਨ।
ਪੁਲਿਸ ਦੇ ਨਵੇਂ ਆਦੇਸ਼ਾਂ ਅਨੁਸਾਰ ਪੁਲਿਸ ਵਿਭਾਗ ਵਿੱਚ ਕੰਮ ਕਰਨ ਵਾਲੇ ਸਿੱਖਾਂ ਨੂੰ ਆਪਣੀ ਦਸਤਾਰ ਅਤੇ ਦਾੜ੍ਹੀ ਨਾਲ ਡਿਊਟੀ ਕਰਨ ਦੀ ਖੁੱਲ ਦੇ ਦਿੱਤੀ ਹੈ।
ਹੁਣ ਤੱਕ ਸਿੱਖ ਅਫਸਰ ਆਪਣੀਆਂ ਟੋਪੀਆਂ ਦੇ ਥੱਲੇ ਦਸਤਾਰਾਂ ਬੰਨਦੇ ਰਹੇ ਹਨ ਅਤੇ ਉਹਨਾਂ ਨੂੰ ਦਾੜੀ ਵਧਾਉਣ ਦੀ ਇਜ਼ਾਜਤ ਨਹੀਂ ਸੀ।
ਨਿਊਯਾਰਕ ਦੇ ਪੁਲਿਸ ਕਮਿਸ਼ਨਰ ਜੇਮਜ਼ ਓ ਨਿੱਲ ਨੇ ਆਖਿਆ ਕਿ ਵਿਭਾਗ ਵਿੱਚ ਕੰਮ ਵਾਲੇ ਪੰਜਾਬੀ ਆਪਣੇ ਸਿੱਖੀ ਸਰੂਪ ਨਾਲ ਹੁਣ ਤੋਂ ਨੌਕਰੀ ਕਰਨਗੇ।
ਜੇਮਜ਼ ਓ ਨਿੱਲ ਅਨੁਸਾਰ ਨਿਯਮ ਵਿੱਚ ਬਦਲਾਅ ਤੋਂ ਬਾਅਦ ਹੁਣ ਜ਼ਿਆਦਾ ਗਿਣਤੀ ਵਿੱਚ ਸਿੱਖ ਪੁਲਿਸ ਵਿਭਾਗ ਵਿੱਚ ਭਰਤੀ ਹੋਣਗੇ। ਇਸ ਸਮੇਂ ਨਿਊਯਾਰਕ ਪੁਲਿਸ ਵਿੱਚ 160 ਦੇ ਕਰੀਬ ਸਿੱਖ ਭਾਈਚਾਰੇ ਦੇ ਨੌਜਵਾਨ ਕੰਮ ਕਰ ਰਹੇ ਹਨ।
ਸਿੱਖ ਅਫਸਰਾਂ ਦੀ ਅਸੋਸੀਏਸ਼ਨ ਨੇ ਪੁਲਿਸ ਕਮਿਸ਼ਨਰ ਦਾ ਟਵੀਟ ਕਰ ਕੇ ਸ਼ੁਕਰੀਆ ਅਦਾ ਕੀਤਾ ਹੈ ਅਤੇ ਇਸ ਫੈਸਲੇ ਨੂੰ ਇੱਕ ਮਾਣ ਵਾਲਾ ਪਲ ਦੱਸਿਆ ਹੈ।
ਜੇਮਜ਼ ਓ ਨਿੱਲ ਨੇ ਬੁੱਧਵਾਰ ਨੂੰ ਨਿਊਯਾਰਕ ਦੇ ਮੈਡੀਸਨ ਸਕੇਅਰ ਗਾਰਡਨ ਵਿੱਚ ਨਵੇਂ ਪੁਲਿਸ ਅਧਿਕਾਰੀਆਂ ਦੀ ਗਰੈਜੁਏਟ ਪਰੇਡ ਦੌਰਾਨ ਇਹਨਾਂ ਨਵੇਂ ਰੂਲਾਂ ਦਾ ਐਲਾਨ ਕੀਤਾ।
Comments
Post a Comment