ਬਠਿੰਡਾ:(ਜਾਗੋ ਸਿੱਖ ਮੀਡੀਆ ਬਿਊਰੋ) ਬਾਦਲ ਸਰਕਾਰ ਦੇ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦੇ ਉਦਘਾਟਨ ਮੌਕੇ ਸਿੱਖ ਅਰਦਾਸ ਦੀ ਨਕਲ ਕਰਨ ਦੇ ਮਾਮਲੇ ਵਿੱਚ ਪੰਥਕ ਆਗੂਆਂ ਨੇ ਅੱਜ ਬਠਿੰਡਾ ਪੁਲਿਸ ਮੁਖੀ ਦੇ ਦਫਤਰ ਸ਼ਿਕਾਇਤ ਦਰਜ਼ ਕਰਵਾਈ।
ਸਿੱਖ ਅਰਦਾਸ ਦੀ ਨਕਲ ਕਰਨ ਦੇ ਮਾਮਲੇ ‘ਚ ਅੱਜ ਯੂਨਾਈਟਿਡ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂ ਐਸ.ਐਸ.ਪੀ. ਬਠਿੰਡਾ ਨੂੰ ਸ਼ਿਕਾਇਤ ਦੇਣ ਪੁੱਜੇ । ਐਸ.ਐਸ.ਪੀ. ਦੇ ਬਾਹਰ ਹੋਣ ਕਾਰਨ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਦੀ ਅਗਵਾਈ ‘ਚ ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਨੇ ਕਰੀਬ ਦਰਜ਼ਨ ਹੋਰ ਸਿੱਖ ਆਗੂਆਂ ਨਾਲ ਐਸ.ਪੀ.ਐਚ. ਨਾਨਕ ਸਿੰਘ ਨੂੰ ਐਸ.ਐਸ.ਪੀ. ਦੇ ਨਾਮ ਲਿਖਤੀ ਸ਼ਿਕਾਇਤ ਪੱਤਰ ਦਿੱਤਾ ।
ਸ਼ਿਕਾਇਤ ਪੱਤਰ ‘ਚ ਉਕਤ ਆਗੂਆਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸਣੇ ਉਨ੍ਹਾਂ ਦੇ ਸਾਥੀਆਂ ਮੇਜਰ ਸਿੰਘ ਫੂਲ, ਸਤਨਾਮ ਸਿੰਘ ਭਾਈਰੂਪਾ ਤੇ ਅਰਦਾਸ ਦੀ ਨਕਲ ਕੀਤੇ ਜਾਣ ਮੌਕੇ ਉਕਤ ਨਾਲ ਮੌਜੂਦ ਹੋਰਾਂ ‘ਤੇ ਵੀ ਸਿੱਖ ਧਰਮ ਦੀ ਅਰਦਾਸ ਨੂੰ ਤੋੜ-ਮਰੋੜ ਕੇ ਕਰਨ ਦੇ ਦੋਸ਼ ਲਗਾਏ ਹਨ ।
ਆਗੁਆਂ ਨੇ ਅਰਦਾਸ ਦੀ ਬੇਅਦਬੀ ਕਾਰਨ ਸਿੱਖ ਭਾਵਨਾਵਾਂ ਨੂੰ ਠੇਸ ਪਹੰੁਚਾਉਣ ਦਾ ਜ਼ਿਕਰ ਕਰਦਿਆਂ ਉਕਤ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਕੈਬਨਿਟ ਮੰਤਰੀ ਮਲੂਕਾ ਤੇ ਹੋਰਾਂ ਵਿਰੁੱਧ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਐਸ.ਪੀ.ਐਚ. ਨੇ ਆਖਿਆ ਕਿ ਦਰਖ਼ਾਸਤ ਡੀ.ਐਸ.ਪੀ. ਫੂਲ ਨੂੰ ਭੇਜ ਦਿੱਤੀ ਗਈ ਹੈ, ਜੋ ਜਾਂਚ ਕਰਕੇ ਰਿਪੋਰਟ ਦੇਣਗੇ ।
ਸ਼ਿਕਾਇਤ ਦੇਣ ਵਾਲੇ ਵਫ਼ਦ ‘ਚ ਬਾਬਾ ਚਮਕੌਰ ਸਿੰਘ ਭਾਈਰੂਪਾ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਭਾਈ ਗਮਦੂਰ ਸਿੰਘ ਖਾਲਸਾ, ਮੇਜਰ ਸਿੰਘ ਮਲੂਕਾ, ਭਾਈ ਰੇਸ਼ਮ ਸਿੰਘ, ਰਜਿੰਦਰ ਸਿੰਘ ਕੋਟਸ਼ਮੀਰ ਅਤੇ ਜਸਵੀਰ ਸਿੰਘ ਗਿੱਲ ਸ਼ਾਮਲ ਸਨ ।
Comments
Post a Comment