ਹੁਣ ਬਾਦਲਕਿਆਂ ਦਾ ਅਰਦਾਸ ਤੇ ਹਮਲਾ… -ਜਸਪਾਲ ਸਿੰਘ ਹੇਰਾਂ

ਜਾਗੋ ਸਿੱਖ ਮੀਡੀਆ ਬਿਊਰੋ
ਬਾਦਲਕਿਆਂ ਨੇ ਸਰਬੱਤ ਖਾਲਸਾ, ਸ੍ਰੀ ਅਕਾਲ ਤਖ਼ਤ ਸਾਹਿਬ, ਜਥੇਦਾਰ, ਪੰਜ ਪਿਆਰੇ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ੋ੍ਰਮਣੀ ਅਕਾਲੀ ਦਲ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਰੂਪੀ ਸਿੱਖਾਂ ਦੀਆਂ ਸਿਰਮੌਰ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਜਿਹੜੀਆਂ ਸਿੱਖੀ ਦੀਆਂ ਬੁਨਿਆਦਾਂ ਵੀ ਹਨ ਅਤੇ ਥੰਮ ਵੀ ਹਨ, ਉਨਾਂ ਨੂੰ ਖੋਰਾ ਲਾ ਦਿੱਤਾ ਹੈ ਅਤੇ ਕੁਝ ਕੁ ਦਾ ਤਾਂ ਪੂਰਨ ਭੋਗ ਹੀ ਪਾ ਦਿੱਤਾ ਹੈ, ਇਸ ਤੋਂ ਇਲਾਵਾ, ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਸਿਧਾਂਤਾਂ ਬਾਰੇ ਰੋਲ-ਘਚੋਲਾ ਪਾ ਕੇ, ਇਨਾਂ ’ਚ ਮਿਲਾਵਟ ਕਰਨ ਦਾ ਹਰ ਸੰਭਵ ਕੋਝਾ ਯਤਨ ਕੀਤਾ ਹੈ ਅਤੇ ਕੀਤਾ ਜਾ ਰਿਹਾ ਹੈ।
ਬਾਦਲਕਿਆਂ ਵੱਲੋਂ ਭਗਵਾਂ ਬਿ੍ਰਗੇਡ ਦੇ ਹੱਥਠੋਕੇ ਬਣਕੇ ਸਿੱਖੀ ਨੂੰ ਵੱਧ ਤੋਂ ਵੱਧ ਬ੍ਰਾਹਮਣਵਾਦੀ ਬਣਾਇਆ ਜਾ ਰਿਹਾ ਹੈ। ਹਵਨ ਕਰਵਾਉਣੇ, ਤਿਲਕ ਲਵਾਉਣੇ, ਰਮਾਇਣ ਦੇ ਪਾਠ ਕਰਨੇ, ਧਾਗੇ ਤਵੀਤ ਤੇ ਨਗਾਂ ਵਾਲੀਆਂ ਮੁੰਦਰੀਆਂ ਪਾ ਕੇ, ਬਾਦਲਕੇ ਸਿੱਖੀ ’ਚ ਮੁੜ ਤੋਂ ਫੋਕਟ ਕਰਮਕਾਂਡਾਂ ਤੇ ਹਿੰਦੂਵਾਦੀ ਆਡੰਬਰਾਂ ਨੂੰ ਅੱਗੇ ਲਿਆ ਰਹੇ ਹਨ। ਅਸੀਂ ਵਾਰ-ਵਾਰ ਇਹ ਹੋਕਾ ਦਿੱਤਾ ਹੈ ਕਿ ਬਾਦਲਕਿਆਂ ਦਾ ਕੋਈ ਧਰਮ ਨਹੀਂ, ਕੋਈ ਦੀਨ-ਇਮਾਨ ਨਹੀਂ, ਉਨਾਂ ਦਾ ਧਰਮ ਤੇ ਦੀਨ ਇਮਾਨ ਸਿਰਫ਼ ਸੱਤਾ ਤੇ ਲੁੱਟ-ਖਸੁੱਟ ਹੈ। ਇਸ ਲਈ ਉਹ ਸਿਰਫ਼ ਸਿੱਖੀ ਦੇ ਠੇਕੇਦਾਰ ਬਣੇ ਹੋਏ ਹਨ, ਜਿਹੜੇ ਆਪਣੇ ਲੋਭ-ਲਾਲਚ ਤੇ ਲਾਹੇ ਲਈ ਸਿੱਖੀ ਨੂੰ ਸਿਰਫ਼ ਵੇਚਣ ਵਾਲੇ ਹੀ ਹਨ।
ਖੈਰ! ਹੁਣ ਬਾਦਲਕਿਆਂ ਨੇ ਸਿੱਖੀ ਤੇ ਆਖ਼ਰੀ, ਕੋਝਾ, ਭਿਆਨਕ ਤੇ ਬੇਹੱਦ ਮਾਰੂ ਹਮਲਾ ਕੀਤਾ ਹੈ। ਅਰਦਾਸ, ਸਿੱਖ ਤੇ ਗੁਰੂ ’ਚ ਆਪਸੀ ਸਾਂਝ ਹੈ। ਜਦੋਂ ਤੱਕ ਗੁਰੂ ਤੇ ਸਿੱਖ ’ਚ ਅਰਦਾਸ ਰੂਪੀ ਸਾਂਝ ਬਰਕਰਾਰ ਹੈ, ਉਦੋਂ ਤੱਕ ਇਸ ਧਰਤੀ ਤੋਂ ਸਿੱਖੀ ਦੀ ਹੋਂਦ ਨੂੰ ਕੋਈ ਮਿਟਾ ਨਹੀਂ ਸਕਦਾ। ਇਹ ਸਾਡਾ ਅਟੱਲ ਤੇ ਅਡੋਲ ਭਰੋਸਾ ਹੈ। ਸਰਬੱਤ ਖਾਲਸਾ ਵਰਗੇ ਕੌਮ ਦੇ ਬ੍ਰਹਮ ਅਸ਼ਤਰ ਨੂੰ ਵੱਡੀ ਠੇਸ ਪਹੁੰਚਾਉਣ ਤੋਂ ਬਾਅਦ, ਬਾਦਲਾਂ ਨੇ ਅਰਦਾਸ ਤੇ ਹਮਲਾ ਕੀਤਾ ਹੈ।
ਸਿੱਖ ਸੰਸਥਾਵਾਂ ’ਚ ਸਭ ਤੋਂ ਉਤਮ ਤੇ ਉਚ ਅਰਦਾਸ ਤੇ ਇਹ ਹਮਲਾ, ਗਿਣੀ-ਮਿਥੀ, ਘਿਨਾਉਣੀ ਸਾਜ਼ਿਸ ਦੀ ਕੜੀ ਹੈ। ਭਾਵੇਂ ਕਿ ਇਸ ਘਿਨਾਉਣੀ ਸਾਜ਼ਿਸ ਦੇ ਘਾੜੇ ‘ਨਾਗਪੁਰੀ ਤਖ਼ਤ’ ਵਾਲੇ ਹਨ, ਪ੍ਰੰਤੂ ਇਸ ਨੂੰ ਅੰਜ਼ਾਮ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਬਾਦਲਕਿਆਂ ਨੂੰ ਸੌਂਪੀ ਗਈ ਹੈ। ਬਾਦਲਕਿਆਂ ਨੇ ਅੱਗੋਂ ਇਹ ਜੁੰਮੇਵਾਰੀ ਆਪਣੇ ਆਕੜਖੋਰ, ਹੰਕਾਰੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਸੌਂਪ ਦਿੱਤੀ ਹੈ।
ਬੀਤੇ ਦਿਨ ਮੰਡੀ ਰਾਮਪੁਰਾ ਫੂਲ ’ਚ ਬਾਦਲਕਿਆਂ ਦੇ ਭਾਈਵਾਲ ਭਗਵਾਂ ਬਿ੍ਰਗੇਡ ਵਾਲਿਆਂ ਵੱਲੋਂ ਮਲੂਕੇ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਸਿੱਖੀ ਪ੍ਰੰਪਰਾਵਾਂ ਦਾ ਘਾਣ ਤਾਂ ਕੀਤਾ ਹੀ ਗਿਆ। ਉਤੇ ਅਰਦਾਸ ਦੀ ਮਹਾਨਤਾ ਨੂੰ ਖੋਰਾ ਲਾਉਣ ਦਾ ਉਸਤੋਂ ਵੀ ਘਿਨਾਉਣਾ ਕਾਰਾ ਕੀਤਾ ਗਿਆ। ਕੋਈ ਉਦਘਾਟਨ ਰਮਾਇਣ ਦੇ ਪਾਠ ਨਾਲ ਕਰਵਾਏ ਜਾਂ ਕਿਸੇ ਹੋਰ ਧਾਰਮਿਕ ਰਹੁਰੀਤ ਨਾਲ, ਸਾਨੂੰ ਕੋਈ ਇਤਰਾਜ਼ ਨਹੀਂ।
ਬਾਦਲਕੇ, ਮਲੂਕੇ ਵਰਗੇ ਤਿਲਕ ਲਵਾਉਣ ਟੱਲੀਆਂ ਖੜਕਾਉਣ, ਹਰ-ਹਰ ਮਹਾਂਦੇਵ ਦੇ ਨਾਅਰੇ ਲਾਉਣ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣ ਲੱਗਾ, ਕਿਉਂਕਿ ਬਾਦਲਕਿਆਂ ਦਾ ਅੰਦਰਲਾ ਕੀ ਹੈ? ਇਸ ਤੋਂ ਕੋਈ ਸਿੱਖ ਅਨਜਾਣ ਨਹੀਂ। ਪ੍ਰੰਤੂ ਜਿਸ ਤਰਾਂ ਮਲੂਕੇ ਦੀ ਹਾਜ਼ਰੀ ’ਚ ਉਸਦੀ ਸਹਿਮਤੀ ਤੇ ਰਜ਼ਾਮੰਦੀ ਨਾਲ ਸਿੱਖਾਂ ਦੀ ਮਹਾਨ ਪਵਿੱਤਰ ਅਰਦਾਸ ਦੀ ਨਕਲ ਕੀਤੀ ਗਈ ਹੈ ਉਸਨੇ ਸੌਦਾ ਸਾਧ ਵੱਲੋਂ ਕੀਤੀ ਦਸਮੇਸ਼ ਪਿਤਾ ਤੇ ਅੰਮਿ੍ਰਤ ਦੀ ਦਾਤ ਦੀ ਨਕਲ ਤੋਂ ਵੱਧ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ।
ਇਹ ਅਰਦਾਸ ਸਿੱਖਾਂ ਨੇ ਅਥਾਹ ਕੁਰਬਾਨੀਆਂ ਦੇ ਕੇ, ਸੀਸ ਦੀ ਫ਼ੀਸ ਤਾਰ ਕੇ, ਗੁਰੂ ਸਾਹਿਬ ਤੋਂ ਅਸੀਸਾਂ ਦੇ ਰੂਪ ’ਚ ਪ੍ਰਾਪਤ ਕੀਤੀ ਹੈ। ਇਹ ਅਰਦਾਸ ਸਿੱਖ ਤੇ ਗੁਰੂ ਦੇ ਅਧਿਆਤਮਕ ਰੂਪ ’ਚ ਇਕ ਦੂਜੇ ਨਾਲ ਅਭੇਦ ਹੋਣ ਦਾ ਰੂਹਾਨੀ ਪਲ ਹੈ। ਇਸ ਲਈ ਜੇ ਕੋਈ ਇਸ ਰੂਹਾਨੀ ਪਲ ਤੇ ਵਾਰ ਕਰੇਗਾ, ਉਸਨੂੰ ਗੁਰੂ ਤੇ ਸਿੱਖ ਦੋਵੇਂ ਹੀ ਬਰਦਾਸ਼ਤ ਨਹੀਂ ਕਰ ਸਕਣਗੇ। ਸਿੱਖ ਕੌਮ ਨੇ ਲੱਖਾਂ ਜ਼ਿਆਦਤੀਆਂ, ਧੱਕੇਸ਼ਾਹੀਆਂ ਤੇ ਬੇਇਨਸਾਫ਼ੀਆ ਝੱਲੀਆ ਹਨ। ਪ੍ਰੰਤੂ ਅਰਦਾਸ ਤੇ ਹਮਲਾ ਜ਼ੁਲਮ ਦਾ ਸਿਖ਼ਰ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਸੀਂ ਚਾਹੁੰਦੇ ਹਾਂ ਕਿ ਇਸ ਧਾਰਮਿਕ ਜ਼ਬਰ ਦੇ ਮੁੱਦੇ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ। ਇਸਨੂੰ ਸਿੱਖ ਦੁਸ਼ਮਣ ਤਾਕਤਾਂ ਦੀ ਸਿੱਖਾਂ ਤੇ ਮਾਰੂ ਹਮਲਾ ਪ੍ਰਵਾਨ ਕੀਤਾ ਜਾਵੇ ਅਤੇ ਹਮਲਾਵਰਾਂ ਨੂੰ ਸਮੁੱਚੀ ਸਿੱਖ ਕੌਮ ਚਾਹੇ ਉਹ ਕਿਸੇ ਵੀ ਧਿਰ ਜਾਂ ਧੜੇ ਨਾਲ ਸਬੰਧਿਤ ਹੈ, ਸਜ਼ਾ ਦੇਣ ਲਈ ਇਕਜੁੱਟ ਹੋ ਕੇ ਅੱਗੇ ਆਵੇ। ਸੱਤਾ ਦਾ ਨਸ਼ਾ, ਮਲੂਕੇ ਵਰਗਿਆਂ ਦੇ ਸਿਰ ਨੂੰ ਚੜਿਆ ਹੋਇਆ ਹੈ। ਉਹ ਆਪਣੇ ਆਕਿਆਂ ਬਾਦਲਾਂ ਦੀ ਖੁਸ਼ੀ ਲਈ ਕੌਮ ਦੇ ਸੀਨੇ ’ਚ ਖੰਜਰ ਖੋਭਣ ਤੋਂ ਵੀ ਭੋਰਾ-ਭਰ ਨਹੀਂ ਝਿਜਕਦੇ।
ਜੇ ਕੌਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਤੇ ਦੋਸ਼ੀਆਂ ਅਤੇ ਉਨਾਂ ਦੇ ਪੁਸ਼ਤ ਪਨਾਹਾਂ ਬਾਦਲਕਿਆਂ ਨੂੰ ਕਰੜੀ ਤੋਂ ਕਰੜੀ ਧਾਰਮਿਕ ਤੇ ਰਾਜਸੀ ਸਜ਼ਾ ਦਿੱਤੀ ਹੁੰਦੀ ਤਾਂ ਉਨਾਂ ਦੀ ਸਰਬੱਤ ਖਾਲਸੇ, ਪੰਜ ਪਿਆਰਿਆਂ ਅਤੇ ਹੁਣ ਅਰਦਾਸ ਤੇ ਹਮਲਾ ਕਰਨ ਦੀ ਜੁਰੱਅਤ ਨਹੀਂ ਸੀ ਪੈਣੀ। ਅਸੀਂ ਸਾਰੀਆਂ ਪੰਥਕ ਧਿਰਾਂ ਨੂੰ ਇਹ ਹਾਰਦਿਕ ਅਪੀਲ ਜ਼ਰੂਰ ਕਰਾਂਗੇ ਕਿ ਇਕ ਵਾਰ ਫਿਰ ਸਿੱਖ ਤੇ ਗੁਰੂ ਦੀ ਆਪਸੀ ਸਾਂਝ ਤੇ ਹਮਲਾ ਹੋਇਆ ਹੈ। ਇਸ ਲਈ ਇਸ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਅਤੇ ਗੁਰੂ ਨਾਲ ਆਪਣੀ ਸਾਂਝ ਨੂੰ ਪਕੇਰਾ ਰੱਖਣ ਲਈ ਅਰਦਾਸ ਦੀ ਮਹਾਨਤਾ ਦੀ ਰਾਖ਼ੀ ਲਈ ਇਕਜੁੱਟ ਹੋ ਕੇ ਅੱਗੇ ਆਉਣ। ਇਹ ਕਿਸੇ ਦਾ ਨਿੱਜੀ ਵਿਵਾਦ ਨਹੀਂ। ਅਰਦਾਸ ਦੀ ਮਹਾਨਤਾ ਦਾ ਸੁਆਲ ਹੈ।

Comments