ਭਾਰਤ ਦੇ ਆਪਣੇ ਗੁਆਂਢੀ ਮੁਲਕਾਂ ਨਾਲ ਸਹਿਜ ਵਾਲੇ ਸੰਬੰਧ ਨਾ ਹੋਣ ਦੀ ਬਦੌਲਤ, ਪੰਜਾਬ ਨਿਵਾਸੀਆਂ ਦੀਆਂ ਜਿੰਦਗਾਨੀਆਂ ਸੁਰੱਖਿਅਤ ਕਰਨ ਲਈ “ਬਫ਼ਰ ਸਟੇਟ” ਅਤਿ ਜ਼ਰੂਰੀ : ਮਾਨ
ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਜਾਗੋ ਸਿੱਖ ਮੀਡੀਆ ਬਿਊਰੋ ) “ਭਾਰਤ ਦੇ ਜਿੰਨੇ ਵੀ ਗੁਆਂਢੀ ਮੁਲਕ ਪਾਕਿਸਤਾਨ, ਬੰਗਲਾਦੇਸ਼, ਭੁਟਾਨ, ਬਰਮ੍ਹਾ, ਸ੍ਰੀ ਲੰਕਾ, ਮਾਲਦੀਵ ਆਦਿ ਹਨ, ਉਹਨਾਂ ਨਾਲ ਮੋਦੀ ਹਕੂਮਤ ਦੇ ਸੁਖਾਵੇ ਅਤੇ ਸਹਿਜ ਸੰਬੰਧ ਨਾ ਹੋਣ ਦੀ ਬਦੌਲਤ ਸਰਹੱਦੀ ਸੂਬੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਨਿਵਾਸੀਆਂ ਦੇ ਜੀਵਨ ਨੂੰ ਵੱਡਾ ਖ਼ਤਰਾ ਬਣਇਆ ਹੋਇਆ ਹੈ । ਦੂਸਰਾ ਮੋਦੀ ਹਕੂਮਤ ਵੱਲੋਂ ਕੱਟੜਵਾਦੀ ਆਰ.ਐਸ.ਐਸ. ਦੀ ਸੋਚ ਉਤੇ ਅਮਲ ਕਰਨ ਦੀ ਬਦੌਲਤ ਭਾਰਤ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖਾਂ ਉਤੇ ਨਿਰੰਤਰ ਲੰਮੇ ਸਮੇ ਤੋ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਹੁੰਦੀਆ ਆ ਰਹੀਆ ਹਨ ਅਤੇ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਆ ਰਿਹਾ ਹੈ । ਗੁਆਂਢੀ ਮੁਲਕਾਂ ਨਾਲ ਸੁਖਾਵੇ ਸੰਬੰਧ ਨਾ ਹੋਣ ਕਰਕੇ ਪੰਜਾਬ ਦੀ ਸਰ-ਜਮੀਨ ਸੂਬੇ ਦੇ ਨਿਵਾਸੀਆਂ ਦੇ ਜੀਵਨ ਕਿਸੇ ਸਮੇਂ ਵੀ ਪ੍ਰਮਾਣੂ ਜੰਗ ਦੀ ਲਪੇਟ ਵਿਚ ਆ ਸਕਦੇ ਹਨ ਅਤੇ ਵੱਡੇ ਪੱਧਰ ਤੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਹੋਣ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ । ਕਿਉਂਕਿ ਭਾਰਤ, ਪਾਕਿਸਤਾਨ ਅਤੇ ਚੀਨ ਤਿੰਨੇ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕ ਹਨ। ਇਹਨਾਂ ਤਿੰਨਾਂ ਪ੍ਰਮਾਣੂ ਮੁਲਕਾਂ ਦੀ ਦੁਸ਼ਮਣੀ ਵੀ ਜੱਗ-ਜਾਹਰ ਹੈ । ਜੰਗ ਲੱਗਣ ਦੀ ਸੂਰਤ ਵਿਚ ਪੰਜਾਬ ਸੂਬਾ ਤੇ ਸਿੱਖ ਵਸੋਂ ਵਾਲੇ ਇਲਾਕੇ ਜੰਗ ਦਾ ਅਖਾੜਾ ਬਣ ਜਾਣਗੇ । ਅਜਿਹੀ ਸੂਰਤ ਵਿਚ ਤਾਂ ਪੰਜਾਬੀਆਂ ਦਾ ਬੀਜ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਦੀ ਅੰਦਰੂਨੀ, ਹਕੂਮਤੀ ਡਾਵਾ-ਡੋਲ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੌਮਾਂਤਰੀ ਪੱਧਰ ਉਤੇ ਜੋਰਦਾਰ ਮੰਗ ਕਰਦਾ ਹੈ ਕਿ ਉਪਰੋਕਤ ਤਿੰਨੇ ਪ੍ਰਮਾਣੂ ਤਾਕਤਾਂ ਵਾਲੇ ਮੁਲਕ ਚੀਨ, ਭਾਰਤ, ਪਾਕਿਸਤਾਨ ਦੀ ਤ੍ਰਿਕੋਣ ਦੇ ਵਿਚਕਾਰ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਹਰ ਕੀਮਤ ਤੇ “ਬਫ਼ਰ ਸਟੇਟ” ਕਾਇਮ ਹੋਵੇ । ਇਸ ਨਾਲ ਤਿੰਨੇ ਪ੍ਰਮਾਣੂ ਤਾਕਤਾਂ ਨੂੰ ਜਿਥੇ ਜੰਗ ਤੋ ਦੂਰ ਰੱਖਿਆ ਜਾ ਸਕੇਗਾ, ਉਥੇ ਪੰਜਾਬੀਆਂ ਉਤੇ ਪ੍ਰਮਾਣੂ ਜੰਗ ਦੇ ਮੰਡਰਾ ਰਹੇ ਬੱਦਲਾਂ ਦੇ ਡਰ-ਭੈ ਨੂੰ ਵੀ ਸਦਾ ਲਈ ਦੂਰ ਕੀਤਾ ਜਾ ਸਕੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰਾਂ ਉਤੇ ਕੰਮ ਕਰ ਰਹੇ ਕੌਮਾਂਤਰੀ ਸੰਗਠਨਾਂ ਯੂ.ਐਨ, ਏਸੀਆ ਵਾਚ ਹਿਊਮਨ ਰਾਈਟਸ, ਅਮਨੈਸਟੀ ਇੰਟਰਨੈਸ਼ਨਲ ਅਤੇ ਦੁਨੀਆਂ ਦੀਆਂ ਮਹਾ ਤਾਕਤਾਂ ਅਮਰੀਕਾ, ਚੀਨ ਅਤੇ ਰੂਸ ਆਦਿ ਨੂੰ ਜੋਰਦਾਰ ਅਪੀਲ ਕਰਦੇ ਹੋਏ ਪੰਜਾਬੀਆਂ ਦੀ ਸਰ-ਜਮੀਨ ਵਿਖੇ “ਬਫ਼ਰ ਸਟੇਟ” ਕਾਇਮ ਕਰਨ ਅਤੇ ਭਾਰਤ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਜੀਵਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਮਰੀਕਾ ਦੇ ਨਵੇ ਬਣੇ ਸਦਰ ਸ੍ਰੀ ਡੋਨਾਲਡ ਟਰੰਪ ਦੀਆਂ ਨੀਤੀਆਂ ਵੀ ਸਪੱਸਟ ਕਰਦੀਆ ਹਨ ਕਿ ਇਸ ਸਮੇਂ ਉਸਦੇ ਵੀ ਮੋਦੀ ਹਕੂਮਤ ਨਾਲ ਸੁਖਾਵੇ ਸੰਬੰਧ ਨਹੀਂ ਹਨ । ਜਿਸ ਕਾਰਨ ਅਮਰੀਕਾ ਦੇ ਭਾਰਤ ਨਾਲ ਹੋਏ ਸਮਝੋਤੇ ਵੀ ਖ਼ਤਰੇ ਵਿਚ ਪੈ ਚੁੱਕੇ ਹਨ । ਦੂਸਰੇ ਪਾਸੇ ਰੂਸ ਅਤੇ ਚੀਨ ਦੇ ਕੈਪਾਂ ਵਿਚ ਵੀ ਭਾਰਤ ਪ੍ਰਤੀ ਕੋਈ ਹਾਂ ਪੱਖੀ ਵਾਲੀ ਗੱਲ ਨਜ਼ਰ ਨਹੀਂ ਆ ਰਹੀ। ਜੋ ਭਾਰਤ ਦੀ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਵਰਾਜ ਹੈ, ਉਸ ਨੂੰ ਮੋਦੀ ਵੱਲੋ ਵਿਦੇਸ਼ੀ ਸੰਬੰਧਾਂ ਨੂੰ ਸਹੀ ਕਰਨ ਦੀ ਜਿੰਮੇਵਾਰੀ ਦੇਣ ਦੀ ਬਜਾਇ ਆਪਣੇ ਅੰਦਰੂਨੀ ਪਾਰਟੀ ਤੇ ਹੋਰ ਕੰਮਾਂ ਵਿਚ ਹੀ ਮਸਰੂਫ ਰੱਖਿਆ ਹੋਇਆ ਹੈ । ਇਹੀ ਵਜਹ ਹੈ ਕਿ ਅੱਜ ਭਾਰਤ ਦੇ ਵਜ਼ੀਰ-ਏ-ਆਜ਼ਮ ਮੋਦੀ ਵੱਲੋ ਬਾਹਰਲੇ ਮੁਲਕਾਂ ਦੇ ਵੱਡੀ ਗਿਣਤੀ ਵਿਚ ਦੌਰੇ ਕਰਨ ਉਪਰੰਤ ਵੀ ਉਹਨਾਂ ਮੁਲਕਾਂ ਨਾਲ ਭਾਰਤ ਆਪਣੇ ਸੰਬੰਧ ਸੁਖਾਵੇ ਨਹੀਂ ਬਣਾ ਸਕਿਆ । ਇਸ ਲਈ ਇਹ ਸਾਰੇ ਅਮਲ ਏਸੀਆ ਖਿੱਤੇ ਦੇ ਅਤੇ ਪੰਜਾਬ ਨਿਵਾਸੀਆਂ ਦੀਆਂ ਜਿੰਦਗਾਨੀਆ ਦੀ ਅਸੁਰੱਖਿਆ ਦੇ ਸੰਕੇਤ ਦੇ ਰਹੇ ਹਨ । ਮੌਜੂਦਾ ਮੋਦੀ ਹਕੂਮਤ ਭਾਰਤ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਦੀ ਰਖਵਾਲੀ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋ ਚੁੱਕੀ ਹੈ । ਜੋ ਭਾਰਤ ਦੀ ਅੰਦਰੂਨੀ ਤੇ ਬਾਹਰੀ ਵਿਸਫੋਟਕ ਸਥਿਤੀ ਵੱਲ ਇਸਾਰਾ ਕਰਦੇ ਹਨ ।
ਭਾਰਤ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ ਅਤੇ ਸਿੱਖਾਂ ਉਤੇ ਹੁਕਮਰਾਨਾਂ ਵੱਲੋ ਸਾਜ਼ਸੀ ਢੰਗਾਂ ਰਾਹੀ ਕਤਲੇਆਮ, ਨਸ਼ਲਕੁਸੀ, ਬਾਬਰੀ ਮਸਜਿ਼ਦ ਨੂੰ ਢਹਿ-ਢੇਰੀ ਕਰਨਾ, ਦੱਖਣੀ ਸੂਬਿਆਂ ਵਿਚ ਇਸਾਈਆ ਵਿਚ ਦਹਿਸਤ ਪਾ ਕੇ, ਉਹਨਾਂ ਦੇ ਚਰਚਾਂ ਨੂੰ ਢਹਿ-ਢੇਰੀ ਕਰਕੇ, ਨਨਜਾਂ ਨਾਲ ਬਲਾਤਕਾਰ ਕਰਕੇ, ਸਿੱਖਾਂ ਦੀ ਨਸ਼ਲਕੁਸੀ ਤੇ ਕਤਲੇਆਮ ਕਰਕੇ ਇਹਨਾਂ ਕੌਮਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਕਹਿਲਾਉਣ ਅਤੇ ਗੁਲਾਮ ਬਣਾਉਣ ਵਾਲੇ ਅਸਹਿ ਅਮਲ ਹੋ ਰਹੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਘੱਟ ਗਿਣਤੀ ਕੌਮਾਂ ਉਤੇ ਹੋਏ ਜ਼ਬਰ-ਜੁਲਮਾਂ ਦੇ ਦੋਸ਼ੀ ਕਾਤਲਾਂ ਨੂੰ ਹਿੰਦ ਦੇ ਵਿਧਾਨ ਤੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਤੋ ਹੁਕਮਰਾਨ ਆਨਾਕਾਨੀ ਕਰਦੇ ਆ ਰਹੇ ਹਨ ਅਤੇ ਇਹ ਕੌਮਾਂ ਭਾਰਤ ਵਿਚਲੀ ਮੁਤੱਸਵੀ ਮੋਦੀ ਹਕੂਮਤ ਦੀਆਂ ਕਾਰਵਾਈਆ ਦੀ ਬਦੌਲਤ ਅਸੁਰੱਖਿਅਤ ਮਹਿਸੂਸ ਕਰ ਰਹੀਆ ਹਨ ਅਤੇ ਗੁਆਂਢੀ ਮੁਲਕਾਂ ਨਾਲ ਚੰਗੇ ਸੰਬੰਧ ਨਾ ਹੋਣ ਦੀ ਬਦੌਲਤ ਜੰਗ ਦੀ ਦਹਿਸਤ ਨਿਰੰਤਰ ਬਣੀ ਹੋਈ ਹੈ । ਇਸ ਲਈ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਪ੍ਰਮਾਣੂ ਜੰਗ ਲੱਗਣ ਦੀ ਬਦੌਲਤ ਪੰਜਾਬੀਆਂ ਦੇ ਬੀਜ ਨਾਸ ਹੋਣ ਦੇ ਤੋਖਲੇ ਨੂੰ ਮੁੱਖ ਰੱਖਦੇ ਹੋਏ ਅਤੇ ਪੰਜਾਬ ਸੂਬੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਏਸੀਆ ਖਿੱਤੇ ਦੇ ਸਥਾਈ ਅਮਨ-ਚੈਨ ਲਈ ਅਤੇ ਉਹਨਾ ਦੇ ਜੀਵਨ ਦੀ ਸੁਰੱਖਿਆ ਲਈ ਬਫ਼ਰ ਸਟੇਟ ਕਾਇਮ ਕਰਕੇ ਪੰਜਾਬੀਆਂ ਅਤੇ ਘੱਟ ਗਿਣਤੀ ਕੌਮਾਂ ਦੇ ਮਨ ਵਿਚ ਉਤਪੰਨ ਹੋ ਚੁੱਕੇ ਡਰ ਅਤੇ ਦਹਿਸਤ ਨੂੰ ਖ਼ਤਮ ਕੀਤਾ ਜਾਵੇ ।
Comments
Post a Comment