ਡਾ. ਗਾਂਧੀ ਅਤੇ ਛੋਟੇਪੁਰ ਵਲੋਂ ਪਟਿਆਲਾ ਦੀਆਂ ਪੰਜ ਸੀਟਾਂ ’ਤੇ ਰਲ਼ ਕੇ ਚੋਣ ਲੜਨ ਦਾ ਐਲਾਨ

ਪਟਿਆਲਾ:(ਜਾਗੋ ਸਿੱਖ ਮੀਡੀਆ ਬਿਊਰੋ) ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਦੇ ‘ਪੰਜਾਬ ਫਰੰਟ’ ਅਤੇ ਸੁੱਚਾ ਸਿੰਘ ਛੋਟੇਪੁਰ ਦੀ ‘ਆਪਣਾ ਪੰਜਾਬ ਪਾਰਟੀ’ ਦਰਮਿਆਨ ਪੰਜਾਬ ਪੱਧਰ ਦਾ ਸਮਝੌਤਾ ਭਾਵੇਂ ਸਿਰੇ ਨਹੀਂ ਚੜ੍ਹਿਆ ਸੀ, ਪਰ ਇਹ ਦੋਵੇਂ ਧਿਰਾਂ ਪਟਿਆਲਾ ਜ਼ਿਲ੍ਹੇ ਦੀਆਂ ਪੰਜ ਸੀਟਾਂ ’ਤੇ ਰਲ਼ ਕੇ ਚੋਣ ਲੜਨਗੀਆਂਙ ਇਸ ਤਹਿਤ ਗਾਂਧੀ ਧੜੇ ਦੇ ਦੋ ਅਤੇ ਛੋਟੇਪੁਰ ਧੜੇ ਦੇ ਤਿੰਨ ਆਗੂ ਸਾਂਝੇ ਉਮੀਦਵਾਰਾਂ ਵਜੋਂ ਚੋਣ ਲੜਨਗੇ। ਇਸ ਕੜੀ ਵਜੋਂ ਹੀ ‘ਆਪਣਾ ਪੰਜਾਬ ਪਾਰਟੀ’ ਵੱਲੋਂ ਘਨੌਰ ਤੋਂ ਉਮੀਦਵਾਰ ਬਣਾਏ ਸ਼ਰਨਜੀਤ ਸਿੰਘ ਜੋਗੀਪੁਰ ਦੇ ਕਾਗਜ਼ ਆਖਰੀ ਦਿਨ (21 ਜਨਵਰੀ ਨੂੰ) ਵਾਪਸ ਕਰਵਾ ਦਿੱਤੇ ਗਏ ਹਨ, ਕਿਉਂਕਿ ਇੱਥੇ ਪਾਰਟੀ ਵੱਲੋਂ ‘ਪੰਜਾਬ ਫਰੰਟ’ ਦੇ ਉਮੀਦਵਾਰ ਗੁਰਸੇਵਕ ਅੰਟਾਲ ਦੀ ਹਮਾਇਤ ਦਾ ਫ਼ੈਸਲਾ ਕੀਤਾ ਗਿਆ ਹੈ।
ਡਾ. ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ (ਫਾਈਲ ਫੋਟੋ)
ਛੋਟੇਪੁਰ ਧਿਰ ਵੱਲੋਂ ਸ਼ੁਤਰਾਣਾ ਤੋਂ ਵੀ ਆਪਣੇ ਉਮੀਦਵਾਰ ਸੁਖਦੇਵ ਸਿੰਘ ਵਰਕੀਆ ਨੂੰ ਹਟਣ ਦੀ ਹਦਾਇਤ ਕੀਤੀ ਗਈ ਸੀ, ਪਰ ਇਸ ਸਮਝੌਤੇ ਨਾਲ ਅਸਹਿਮਤੀ ਜਤਾਉਂਦਿਆਂ ਵਰਕੀਆ ਨੇ ਸ਼ਨੀਵਾਰ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ। ਇਸ ਸਮਝੌਤੇ ਦਾ ਐਲਾਨ ਡਾ. ਧਰਮਵੀਰ ਗਾਂਧੀ ਨੇ ਪਟਿਆਲਾ (ਦਿਹਾਤੀ) ਹਲਕੇ ਤੋਂ ‘ਆਪਣਾ ਪੰਜਾਬ ਪਾਰਟੀ’ ਦੀ ਉਮੀਦਵਾਰ ਸ਼ਮਿੰਦਰ ਕੌਰ ਸੰਧੂ ਦੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਕੀਤਾ।
ਡਾ. ਗਾਂਧੀ ਨੇ ਕਿਹਾ ਕਿ ‘ਪੰਜਾਬ ਫਰੰਟ’ ਪਟਿਆਲਾ ਦਿਹਾਤੀ ਤੋਂ ‘ਆਪਣਾ ਪੰਜਾਬ ਪਾਰਟੀ’ ਦੀ ਉਮੀਦਵਾਰ ਸ਼ਮਿੰਦਰ ਕੌਰ ਸੰਧੂ, ਰਾਜਪੁਰਾ ਤੋਂ ਰਣਜੀਤ ਰਾਣਾ ਤੇ ਨਾਭਾ ਤੋਂ ਜਰਨੈਲ ਸਿੰਘ ਅਕਾਲਗੜ੍ਹ ਦੀ ਹਮਾਇਤ ਕਰੇਗਾ, ਜਦੋਂਕਿ ‘ਆਪਣਾ ਪੰਜਾਬ ਪਾਰਟੀ’ ਦੇ ਬੁਲਾਰੇ ਜੋਗਾ ਸਿੰਘ ਚੱਪੜ ਤੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਤੁੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਘਨੌਰ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਜੋਗੀਪੁਰ ਦੇ ਕਾਗਜ਼ ਵਾਪਸ ਕਰਵਾ ਲਏ ਹਨ ਤੇ ਉਥੇ ਹੁਣ ‘ਪੰਜਾਬ ਫਰੰਟ’ ਦੇ ਗੁਰਸੇਵਕ ਸਿੰਘ ਅੰਟਾਲ ਦੀ ਹਮਾਇਤ ਕੀਤੀ ਜਾਵੇਗੀ। ਉਨ੍ਹਾਂ ਨੇ ਸ਼ੁਤਰਾਣਾ ਤੋਂ ਵੀ ‘ਪੰਜਾਬ ਫਰੰਟ’ ਦੇ ਉਮੀਦਵਾਰ ਕੁਲਵਿੰਦਰ ਸਿੰਘ ਦੀ ਹਮਾਇਤ ਦਾ ਐਲਾਨ ਕੀਤਾਙ ਇਸੇ ਦੌਰਾਨ ਸਨੌਰ ਅਤੇ ਸਮਾਣਾ ਤੋਂ ਦੋਵਾਂ ਪਾਰਟੀਆਂ ਦਾ ਕੋਈ ਵੀ ਉਮੀਦਵਾਰ ਨਹੀਂ ਹੈ।
ਡਾ. ਧਰਮਵੀਰ ਗਾਂਧੀ ਦੇ ਆਪਣੇ ਹਲਕੇ ਪਟਿਆਲਾ ਸ਼ਹਿਰ ਤੋਂ ਭਾਵੇਂ ‘ਪੰਜਾਬ ਫਰੰਟ’ ਦਾ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ ਹੈ ਤੇ ‘ਆਪਣਾ ਪੰਜਾਬ ਪਾਰਟੀ’ ਨੇ ਅਕਸ਼ਇੰਦਰ ਸਿੰਘ ਨੂੰ ਉਤਾਰਿਆ ਹੈ ਪਰ ਡਾ. ਗਾਂਧੀ ਵੱਲੋਂ ਇਸ ਹਲਕੇ ਤੋਂ ਛੋਟੇਪੁਰ ਦੀ ਧਿਰ ਨਾਲ ਚੋਣ ਸਮਝੌਤੇ ਉਤੇ ਮੋਹਰ ਨਹੀਂ ਲਾਈ ਗਈਙ ਉਨ੍ਹਾਂ ਦਾ ਕਹਿਣਾ ਸੀ ਕਿ ਵਰਕਰਾਂ ਨੂੰ ਕਿਸੇ ਵੀ ਧਿਰ ਲਈ ਪਾਬੰਦ ਨਹੀਂ ਕਰਨਗੇ।

Comments