ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ

ਮਜੀਠਾ (ਪ੍ਰਿਥੀਪਾਲ) - (ਜਾਗੋ ਸਿੱਖ ਮੀਡੀਆ ਬਿਊਰੋ) ਗੁਰਦੁਆਰਾ ਬਾਬਾ ਸੰਗਤ ਸਿੰਘ ਖਾਸਾਪੱਤੀ ਮਜੀਠਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਾਹਰੀ ਅੰਗ (ਜਿਲਦ) ਅਗਨ ਭੇਟ ਹੋਣ ਦਾ ਸਮਾਚਾਰ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਲੱਖਾ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਜਦ ਉਹ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰਨ ਦਰਬਾਰ ਅੰਦਰ ਗਿਆ ਤਾਂ ਸੁਖ ਆਸਨ ਉਪਰ ਲੱਗਾ ਛੋਟਾ ਕੰਧ ਵਾਲਾ ਪਲਾਸਟਿਕ ਦਾ ਪੱਖਾ ਸੜ ਕੇ ਡਿੱਗਾ ਸੀ, ਜਿਸ ਕਾਰਨ ਸੁਖ ਆਸਨ ਦੇ ਬਿਸਤਰੇ ਨੂੰ ਅੱਗ ਲੱਗਣ ਨਾਲ ਸਾਰਾ ਬਿਸਤਰਾ ਅਤੇ ਸੁਖ ਆਸਨ ''ਤੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਉਪਰਲੀ ਜਿਲਦ ਅਤੇ ਸਾਈਡਾਂ ਨੂੰ ਅੱਗ ਲੱਗ ਗਈ ਸੀ। ਉਸ ਨੇ ਆਪ ਪੂਰੀ ਜੱਦੋ-ਜਹਿਦ ਨਾਲ ਅੱਗ ''ਤੇ ਕਾਬੂ ਪਾਇਆ ਅਤੇ ਇਸ ਦੀ ਇਤਲਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਨੁਮਾਇੰਦਿਆਂ ਨੂੰ ਦਿੱਤੀ।
ਅਗਜ਼ਨੀ ਦੀਆਂ ਘਟਨਾਵਾਂ ਗੁਰਦੁਆਰਾ ਕਮੇਟੀਆਂ ਦੇ ਅਵੇਸਲੇਪਣ ਦਾ ਸਿੱਟਾ : ਬਡੂੰਗਰ
ਅੰਮ੍ਰਿਤਸਰ, (ਦੀਪਕ/ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਬਾਬਾ ਸੰਗਤ ਸਿੰਘ ਜੀ ਮਜੀਠਾ ਵਿਖੇ ਬਿਜਲਈ ਉਪਕਰਨ ਦੀ ਵਜ੍ਹਾ ਕਾਰਨ ਲੱਗੀ ਅੱਗ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪਹੁੰਚੇ ਨੁਕਸਾਨ ਲਈ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਘਟਨਾ ਕੇਵਲ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਕਾਰਨ ਹੀ ਵਾਪਰੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਸਮੂਹ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧਾਂ ਲਈ ਅਪੀਲਾਂ ਕੀਤੀਆਂ ਗਈਆਂ ਹਨ ਪਰ ਅਜਿਹਾ ਲੱਗਦਾ ਹੈ ਕਿ ਪ੍ਰਬੰਧਕ ਕਮੇਟੀਆਂ ਅਵੇਸਲਾਪਣ ਛੱਡਣਾ ਹੀ ਨਹੀਂ ਚਾਹੁੰਦੀਆਂ। ਗੁਰੂ ਘਰ ਦੀ ਨਿਤਾਪ੍ਰਤੀ ਸੇਵਾ-ਸੰਭਾਲ ਦੇ ਨਾਲ-ਨਾਲ ਸੁਚੱਜੇ ਪ੍ਰਬੰਧਾਂ ਲਈ ਜ਼ਿੰਮੇਵਾਰੀ ਵੀ ਪ੍ਰਬੰਧਕਾਂ ਦੀ ਹੀ ਬਣਦੀ ਹੈ।

Comments