ਸਕੂਲਾਂ, ਹਸਪਤਾਲਾਂ ਤੇ ਰੁਜ਼ਗਾਰ ਵੱਲ ਸਰਕਾਰਾਂ ਵੱਲੋਂ ਉਚੇਚਾ ਧਿਆਨ ਨਾ ਦਿੱਤਾ ਗਿਆ : ਕਲੌੜ

ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ ( ਜਾਗੋ ਸਿੱਖ ਮੀਡੀਆ ਬਿਊਰੋ ) “ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿਚ ਸਕੂਲ, ਹਸਪਤਾਲ ਅਤੇ ਨੌਜ਼ਵਾਨਾਂ ਲਈ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ । ਜਿਸ ਕਾਰਨ ਨੌਜਵਾਨ ਬੇਰੁਜ਼ਗਾਰ ਹੋਣ ਕਰਕੇ ਆਪਣਾ ਮੁਲਕ ਛੱਡਕੇ ਬਾਹਰਲੇ ਮੁਲਕਾਂ ਵਿਚ ਜਾਣ ਲਈ ਮਜ਼ਬੂਰ ਹਨ । ਸਕੂਲਾਂ ਵਿਚ ਜੋ ਅਧਿਆਪਕ ਲਗਾਏ ਜਾਂਦੇ ਹਨ, ਉਨ੍ਹਾਂ ਵੱਲੋਂ ਕਈ-ਕਈ ਕਲਾਸਾਂ ਇਕੱਠੀਆਂ ਕਰਕੇ ਪੜ੍ਹਾਇਆ ਜਾਂਦਾ ਹੈ ਕਿਉਂਕਿ ਸਕੂਲਾਂ ਵਿਚ ਅਧਿਆਪਕਾ ਦੀ ਬਹੁਤ ਵੱਡੀ ਘਾਟ ਹੈ ਅਤੇ ਇਨ੍ਹਾਂ ਹੀ ਅਧਿਆਪਕਾ ਤੋਂ ਹੋਰ ਵੀ ਕੰਮ ਜਿਵੇ ਮਰਦਮਸੁਮਾਰੀ, ਇਲੈਕਸ਼ਨ ਸੰਬੰਧੀ ਅਤੇ ਹੋਰ ਕੋਈ ਵੀ ਕੰਮ ਸਰਕਾਰ ਦਾ ਅਧਿਆਪਕਾ ਤੋਂ ਹੀ ਕਰਵਾਇਆ ਜਾਂਦਾ ਹੈ । ਜਿਸ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ । ਇਸੇ ਤਰ੍ਹਾਂ ਸਿਹਤ ਮਹਿਕਮੇ ਦਾ ਵੀ ਬੁਰਾ ਹਾਲ ਹੋਇਆ ਪਿਆ ਹੈ । ਹਸਪਤਾਲਾਂ ਵਿਚ ਕਾਬਲ ਡਾਕਟਰਾਂ ਦੀ ਘਾਟ ਹੈ ਅਤੇ ਇਕ ਡਾਕਟਰ ਕੋਲ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆ ਰਹਿੰਦੀਆ ਹਨ । ਜਿਵੇ ਕਿ ਬਜੁਰਗ ਬੀਬੀਆਂ, ਅਪਾਹਜ, ਜਨੇਪੇ ਵਾਲਿਆ ਔਰਤਾਂ ਲਾਈਨਾਂ ਵਿਚ ਲੱਗਕੇ ਆਪਣੀ ਵਾਰੀ ਦੀ ਉਡੀਕ ਕਰਦੀਆ ਰਹਿੰਦੀਆ ਹਨ । ਜਿਸ ਨਾਲ ਕਈ ਮਰੀਜਾਂ ਨੂੰ ਵਾਪਸ ਮੁੜਨਾ ਪੈਦਾ ਹੈ । ਇਸੇ ਤਰ੍ਹਾਂ ਟੈਸਟ ਕਰਵਾਉਣ ਲਈ ਵੀ ਕਈ-ਕਈ ਦਿਨ ਮਰੀਜਾਂ ਨੂੰ ਹਸਪਤਾਲਾਂ ਦੇ ਚੱਕਰ ਕੱਟਣੇ ਪੈਦੇ ਹਨ, ਜਿਸ ਕਾਰਨ ਮਰੀਜ ਦੀ ਬਿਮਾਰੀ ਹੋਰ ਵੀ ਵੱਧ ਜਾਂਦੀ ਹੈ । ਇਹ ਵਿਚਾਰ ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਸ. ਕਲੌੜ ਨੇ ਕਿਹਾ ਕਿ ਕੈਪਟਨ ਸਾਹਿਬ ਆਪਣੇ ਮੈਨੀਫੈਸਟੋ ਵਿਚ ਇਹ ਸਭ ਕੰਮ ਕਰਨ ਦੇ ਵਾਅਦੇ ਕਰਦੇ ਸਨ, ਜੋ ਕਿ ਭਵਿੱਖ ਵਿਚ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ ਅਤੇ ਇਸੇ ਤਰ੍ਹਾਂ ਸਾਬਕਾ ਬਾਦਲ ਸਰਕਾਰ ਨੇ ਹੁਣ ਤੱਕ ਅਜਿਹੇ ਵਾਅਦੇ ਕੀਤੇ ਸਨ ਜੋਕਿ ਉਹ ਵੀ ਪੂਰੇ ਨਹੀਂ ਕਰ ਸਕੇ। ਪੰਜਾਬ ਦੇ ਲੋਕਾਂ ਨੂੰ ਹਰ ਪੱਖੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।”

Comments