ਬੇਅਦਬੀ ਘਟਨਾਵਾਂ ਦੀ ਤਹਿ ਤੱਕ ਪਹੁੰਚੇਗਾ ਜਸਟਿਸ ਰਣਜੀਤ ਸਿੰਘ ਕਮਿਸ਼ਨ

ਚੰਡੀਗੜ੍ਹ: (ਜਾਗੋ ਸਿੱਖ ਮੀਡੀਆ ਬਿਊਰੋ) ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਦਾ ਕਹਿਣਾ ਹੈ, ‘ਮੈਂ ਬੇਅਦਬੀ ਕਾਂਡ ਬਾਰੇ ਚਸ਼ਮਦੀਦਾਂ ਤੇ ਸਬੰਧਤ ਲੋਕਾਂ ਦੇ ਸਾਰੇ ਬਿਆਨ ਘਟਨਾਵਾਂ ਵਾਲੀਆਂ ਥਾਂਵਾਂ ‘ਤੇ ਜਾ ਕੇ ਰਿਕਾਰਡ ਕਰਾਂਗਾ ਤਾਂ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਮੇਰੀ ਜਾਂਚ ਦੇ ਘੇਰੇ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ ਤੇ ਗੀਤਾ ਦੀ ਬੇਅਦਬੀ ਨਾਲ ਜੁੜੇ ਸਾਰੇ ਕੇਸ ਆਉਣਗੇ।

‘ਏਬੀਪੀ ਸਾਂਝਾ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, “ਮੈਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਜਾਂ ਜਸਟਿਸ ਕਾਟਜੂ ਹੋਰਾਂ ਦੇ ਪੀਪਲਜ਼ ਕਮਿਸ਼ਨ ਦੀ ਰਿਪੋਰਟ ਨਹੀਂ ਪੜ੍ਹੀ ਤੇ ਨਾ ਹੀ ਮੈਂ ਪੜ੍ਹਨਾ ਚਾਹੁੰਦਾ ਹਾਂ। ਮੈਂ ਆਪਣੇ ਪੱਧਰ ‘ਤੇ ਬਿਲਕੁਲ ਨਿਰਪੱਖ ਹੋ ਕੇ ਤੇ ਬਿਨਾਂ ਕਿਸੇ ਭੇਦਭਾਵ ਤੋਂ ਲੋਕਾਂ ਦੇ ਵਿਚਾਰ ਲੈਣਾ ਚਾਹੁੰਦਾ ਹਾਂ ਤੇ ਫੇਰ ਹੀ ਕਿਸੇ ਨਤੀਜੇ ‘ਤੇ ਪੁੱਜਾਂਗਾ।”

ਜਸਟਿਸ ਰਣਜੀਤ ਸਿੰਘ ਕਿਹਾ, “ਮੈਂ ਪਹਿਲਾਂ ਇਕ ਦੋ ਅਹਿਮ ਘਟਨਾਵਾਂ ਦੀ ਜਾਂਚ ਪੂਰੀ ਕਰਾਂਗਾ ਤਾਂ ਕਿ ਬਾਕੀ ਘਟਨਾਵਾਂ ਦੇ ਸੱਚ ਤੱਕ ਪੁੱਜਣ ਦਾ ਤਜ਼ਰਬਾ ਹੋ ਸਕੇ। ਉਨ੍ਹਾਂ ਕਿਹਾ ਮੈਂ ਬੇਹੱਦ ਧਾਰਮਿਕ ਹਾਂ ਤੇ ਮੇਰੇ ਮਨ ‘ਚ ਹਰ ਧਰਮ ਦਾ ਸਤਿਕਾਰ ਹੈ। ਮੈਨੂੰ ਇਹ ਵੀ ਪਤਾ ਹੈ ਕਿ ਮੈਨੂੰ ਕੈਪਟਨ ਸਰਕਾਰ ਨੇ ਵੱਡੀ ਤੇ ਸੰਵੇਦਨਸ਼ੀਲ ਜ਼ਿੰਮੇਵਾਰੀ ਦਿੱਤੀ ਹੈ। ਇਸ ਲਈ ਹਰ ਕਿਸੇ ਨਾਲ ਨਿਆਂ ਕਰਾਂਗਾ ਤੇ ਲੋਕਾਂ ਦੀਆਂ ਇਨਸਾਫਪਸੰਦ ਆਸਾਂ ‘ਤੇ ਪੂਰਾਂ ਉੱਤਰਾਂਗਾ।”

ਸਾਬਕਾ ਜਸਟਿਸ ਨੇ ਕਿਹਾ, “ਮੈਂ ਆਪਣੀ ਨਿਰਪੱਖ ਰਿਪੋਰਟ ਸਰਕਾਰ ਨੂੰ ਦੇਵਾਂਗਾ ਤੇ ਬਾਕੀ ਅਗਲਾ ਐਕਸ਼ਨ ਲੈਣਾ ਸਰਕਾਰ ਦਾ ਕੰਮ ਹੈ। ਦੱਸਣਯੋਗ ਹੈ ਕਿ ਕੈਪਟਨ ਸਰਕਾਰ ਵੱਲੋਂ ਅਕਾਲੀ-ਭਾਜਪਾ ਸਰਕਾਰ ਸਮੇਂ ਬੇਅਦਬੀ ਕਾਂਡ ‘ਤੇ ਬਣਿਆ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਰੱਦ ਕਰਨ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ।

Comments