ਬਲਿਊ ਸਟਾਰ ਦੇ ਘੱਲੂਘਾਰਾ ਦਿਹਾੜੇ ‘ਤੇ ਅਮਨ ਪਸੰਦ ਤਰੀਕੇ ਨਾਲ ਵੱਡੇ ਪੱਧਰ ਤੇ ਸਾਂਝੇ ਤੌਰ ਤੇ 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਸਮਾਗਮ ਹੋਵੇਗਾ : ਮਾਨ

ਫ਼ਤਹਿਗੜ੍ਹ ਸਾਹਿਬ,(ਜਾਗੋ ਸਿੱਖ ਮੀਡੀਆ ਨਿਊਜ )“ਜਦੋਂ ਤੋਂ ਸਿੱਖ ਕੌਮ 06 ਜੂਨ ਦੇ ਘੱਲੂਘਾਰੇ ਦਿਹਾੜੇ ਨੂੰ ਨਿਰੰਤਰ ਮਨਾਉਦੀ ਆ ਰਹੀ ਹੈ, ਉਸ ਦਿਹਾੜੇ ਤੇ ਸਮੁੱਚੀ ਸਿੱਖ ਕੌਮ, ਪਾਰਟੀਆਂ, ਧੜਿਆਂ ਆਦਿ ਵਖਰੇਵਿਆ ਤੋਂ ਉਪਰ ਉੱਠਕੇ ਆਪਣੇ ਮਹਾਨ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੀਆਂ ਹਨ । ਪਰ ਪੰਜਾਬ ਸੂਬੇ ਤੋਂ ਬੀਤੇ ਸਮੇਂ ਦੇ ਹੁਕਮਰਾਨ ਆਗੂ ਇਸ ਦਿਹਾੜੇ ਦੇ ਵੱਡੇ ਮਕਸਦ ਨੂੰ ਨਜ਼ਰ ਅੰਦਾਜ ਕਰਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਸਿਆਸੀ ਤਾਕਤ ਅਤੇ ਟਾਸਕ ਫੋਰਸ ਦੀ ਦੁਰਵਰਤੋ ਕਰਕੇ ਇਸ ਅਤਿ ਗੰਮਗੀਨ ਅਤੇ ਸੰਜ਼ੀਦਾ ਮਾਹੌਲ ਨੂੰ ਲੜਾਈ-ਝਗੜੇ ਦੇ ਰੂਪ ਵਿਚ ਬਦਲਦੀ ਰਹੀ ਹੈ । ਤਾਂ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਿੱਖ ਸ਼ਹੀਦਾਂ ਦੀ ਕੌਮੀ ਸੋਚ ਨੂੰ ਰੋਲੇ-ਗੌਲੇ ਵਿਚ ਪਾ ਕੇ ਹਿੰਦੂਤਵ ਹੁਕਮਰਾਨਾਂ ਨੂੰ ਖੁਸ਼ ਰੱਖਿਆ ਜਾ ਸਕੇ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੁੰਦਾ ਰਿਹਾ ਹੈ ਕਿ ਝਗੜੇ ਤੇ ਲੜਾਈ ਦਾ ਮਾਹੌਲ ਖੁਦ ਹੁਕਮਰਾਨ ਪੈਦਾ ਕਰਦੇ ਸਨ ਅਤੇ ਇਸਦਾ ਦੋਸ਼ ਵਿਰੋਧੀ ਸੋਚ ਵਾਲੇ ਸਿੱਖਾਂ ਵਿਸੇ਼ਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਤੇ ਸਾਜ਼ਸੀ ਢੰਗ ਨਾਲ ਥੋਪਦੇ ਰਹੇ ਹਨ । ਜਦੋਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਦੀ ਵੀ ਸ੍ਰੀ ਦਰਬਾਰ ਸਾਹਿਬ ਦੇ ਅਧਿਆਤਮਿਕ ਮਾਹੌਲ ਅਤੇ ਮਰਿਯਾਦਾ ਨੂੰ ਭੰਗ ਨਹੀਂ ਕੀਤਾ ਗਿਆ । ਅੱਜ ਇਹ ਖੁਸ਼ੀ ਤੇ ਫਖ਼ਰ ਵਾਲੀ ਗੱਲ ਹੈ ਕਿ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਰਗੇ ਸੂਝਵਾਨ, ਸਿੱਖੀ ਸਿਧਾਤਾਂ ਅਤੇ ਮਰਿਯਾਦਾਵਾਂ ਉਤੇ ਸਿੱਦਤ ਨਾਲ ਪਹਿਰਾ ਦੇਣ ਵਾਲੇ ਪ੍ਰੋ. ਬਡੂੰਗਰ ਵੱਲੋਂ 06 ਜੂਨ ਦੇ ਅਤਿ ਸੰਜ਼ੀਦਾ ਅਤੇ ਗੰਮਗੀਨ ਮਾਹੌਲ ਨੂੰ ਅਮਨਮਈ ਰੱਖਦੇ ਹੋਏ ਸਮੁੱਚੀ ਸਿੱਖ ਕੌਮ ਵੱਲੋਂ ਇਸ ਦਿਨ ਨੂੰ ਸਰਧਾ ਤੇ ਸਤਿਕਾਰ ਨਾਲ ਮਨਾਉਣ ਹਿੱਤ ਸਾਡੇ ਨਾਲ ਬਹੁਤ ਹੀ ਸਦਭਾਵਨਾ ਭਰੀ ਅਤੇ ਸੂਝਵਾਨਤਾ ਭਰੀ ਮੀਟਿੰਗ ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੀਤੀ ਗਈ । ਜਿਸ ਵਿਚ ਮੇਰੇ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਸ. ਸੁਰਜੀਤ ਸਿੰਘ ਕਾਲਾਬੂਲਾ ਅਗਜੈਕਟਿਵ ਮੈਬਰ ਐਸ.ਜੀ.ਪੀ.ਸੀ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਗੁਰਜੰਟ ਸਿੰਘ ਕੱਟੂ ਪੀ.ਏ. ਸ.ਮਾਨ, ਅਤੇ ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ ਸਾਮਿਲ ਹੋਏ ਅਤੇ ਆਪਸੀ ਖਿਆਲਾਤਾ ਰਾਹੀ ਬਹੁਤ ਹੀ ਅੱਛੇ ਮਾਹੌਲ ਵਿਚ ਕੌਮ ਪੱਖੀ ਵਿਚਾਰਾਂ ਕੀਤੀਆ ਗਈਆ ।”

Comments