ਕੈਪਟਨ ਨੇ ਬੇਅੰਤ ਸਿੰਘ ਦੇ ਪੋਤੇ ਨੂੰ ਬਣਾਇਆ ਡੀਐਸਪੀ, ਸੁਪਰੀਮ ਕੋਰਟ ਦੀ ਵੀ ਨਾ ਕੀਤੀ ਪਰਵਾਹ

ਚੰਡੀਗੜ੍ਹ: (ਜਾਗੋ ਸਿੱਖ ਮੀਡੀਆ ਨਿਊਜ ) ਪੰਜਾਬ ਕੈਬਨਿਟ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਇਕਬਾਲ ਸਿੰਘ ਦੇ ਡੀ.ਐਸ.ਪੀ ਬਣਨ ‘ਤੇ ਮੋਹਰ ਲਾ ਦਿੱਤੀ ਹੈ। ਇਹ ਨਿਯੁਕਤੀ ‘ਤੇ ਕਈ ਸਵਾਲ ਉੱਠ ਰਹੇ ਸੀ ਪਰ ਕੈਪਟਨ ਸਰਕਾਰ ਨੇ ਸਭ ਕੁਝ ਨੂੰ ਨਜ਼ਰ ਅੰਦਾਜ਼ ਕਰਕੇ ਹਰੀ ਝੰਡੀ ਦੇ ਦਿੱਤੀ ਹੈ। ਇਸ ਨਿਯੁਕਤੀ ‘ਤੇ ਵਿੱਤ ਵਿਭਾਗ ਨੇ ਵੀ ਸਵਾਲ ਚੁੱਕੇ ਸੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਵੀ ਇਹ ਨਿਯੁਕਤੀ ਸਹੀ ਨਹੀਂ ਕਹੀ ਜਾ ਸਕਦੀ। ਸੁਪਰੀਮ ਕੋਰਟ ਅਨੁਸਾਰ ਸਰਦੇ-ਪੁੱਜਦੇ ਪਰਿਵਾਰ ਦੇ ਵਿਅਕਤੀਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਨਹੀਂ ਦਿੱਤੀ ਜਾ ਸਕਦੀ।

ਪੰਜਾਬ ਦੇ ਵਿੱਤ ਵਿਭਾਗ ਵੱਲੋਂ ਹੀ ਇਤਰਾਜ਼ ਲਾਇਆ ਗਿਆ ਸੀ ਕਿ ਇਸ ਨਿਯੁਕਤੀ ਨੂੰ ਕਾਨੂੰਨੀ ਤੌਰ ’ਤੇ ਯੋਗ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਸੀ ਕਿ ਤਰਸ ਦੇ ਆਧਾਰ ’ਤੇ ਨੌਕਰੀ ਅਜਿਹੇ ਪਰਿਵਾਰ ਦੇ ਮੈਂਬਰ ਨੂੰ ਹੀ ਦਿੱਤੀ ਜਾ ਸਕਦੀ ਜਿਸ ਵਿੱਚ ਕਿਸੇ ਵਿਅਕਤੀ ਦੀ ਮੌਤ ਮਗਰੋਂ ਸਾਰੇ ਪਰਿਵਾਰ ਦਾ ਦਾਰੋਮਦਾਰ ਉਸੇ ਵਿਅਕਤੀ ਸਿਰ ’ਤੇ ਹੋਵੇ ਜਿਸ ਨੂੰ ਨੌਕਰੀ ਦਿੱਤੀ ਜਾਣੀ ਹੋਵੇ। ਸੁਪਰੀਮ ਕੋਰਟ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਗਰੁੱਪ ਸੀ ਤੋਂ ਉੱਪਰਲੀ ਨੌਕਰੀ ਵੀ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਸਵਾਲ ਉੱਠਿਆ ਸੀ ਕਿ ਬੇਅੰਤ ਸਿੰਘ ਦਾ ਕਤਲ ਹੋਇਆਂ ਹੁਣ ਜਦੋਂ 22 ਸਾਲ ਹੋਣ ਵਾਲੇ ਹਨ। ਅਜਿਹੇ ’ਚ ਵੀ ਨੌਕਰੀ ਦੇਣ ਦੇ ਮਾਮਲੇ ਨੂੰ ਕਿਵੇਂ ਯੋਗ ਮੰਨਿਆ ਜਾਵੇ। ਉਂਝ ਵੀ ਪੰਜਾਬ ਪੁਲਿਸ ’ਚ ਡੀਐਸਪੀ ਦੀ ਭਰਤੀ ਲਈ ਉਮਰ ਦੀ ਉਪਰਲੀ ਹੱਦ 28 ਸਾਲ ਹੈ। ਗੁਰਇਕਬਾਲ ਸਿੰਘ ਦੀ ਉਮਰ ਪਹਿਲੀ ਜਨਵਰੀ 2017 ਨੂੰ 28 ਸਾਲ 7 ਮਹੀਨੇ ਬਣਦੀ ਹੈ।

Comments