ਬਾਬਰੀ ਮਸਜਿ਼ਦ ਗਿਰਾਉਣ ਵਾਲੇ ਦੋਸ਼ੀਆਂ ਸੰਬੰਧੀ ਹਾਈਕੋਰਟ ਦਾ ਫੈਸਲਾ ਸਵਾਗਤਯੋਗ, ਪਰ ਉਨ੍ਹਾਂ ਵੱਲੋਂ ਪੇਸ਼ ਨਾ ਹੋਣਾ ਅਫ਼ਸੋਸਨਾਕ : ਮਾਨ

ਚੰਡੀਗੜ੍ਹ, (ਜਾਗੋ ਸਿੱਖ ਮੀਡੀਆ ਨਿਊਜ ) “ਦਿੱਲੀ ਹਾਈਕੋਰਟ ਵੱਲੋਂ ਜੋ ਮੁਸਲਿਮ ਕੌਮ ਦੇ ਧਾਰਮਿਕ ਸਥਾਨ ਬਾਬਰੀ ਮਸਜਿ਼ਦ ਨੂੰ ਗਿਰਾਉਣ ਸੰਬੰਧੀ ਅਤਿ ਗੰਭੀਰ ਕੇਸ ਦੀ ਸੁਣਵਾਈ ਕਰਦੇ ਹੋਏ ਕੁਝ ਸਮਾਂ ਪਹਿਲਾ ਇਸ ਨੂੰ ਗਿਰਾਉਣ ਵਾਲੇ ਲਹਿਰ ਦੀ ਅਗਵਾਈ ਕਰਨ ਵਾਲੇ ਬੀਜੇਪੀ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ, ਸ੍ਰੀ ਮੁਰਲੀ ਮਨੋਹਰ ਜੋਸੀ, ਓਮਾ ਭਾਰਤੀ, ਕਲਿਆਣ ਸਿੰਘ ਆਦਿ ਜੋ 12 ਦੇ ਕਰੀਬ ਕਾਨੂੰਨ ਤੋੜਨ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਅਦਾਲਤ ਵੱਲੋਂ ਕੀਤੇ ਗਏ ਉਸ ਕਾਨੂੰਨ ਅਨੁਸਾਰ ਫੈਸਲੇ ਦਾ ਭਰਪੂਰ ਸਵਾਗਤ ਕਰਦੀ ਹੈ ਅਤੇ ਹੁਕਮਰਾਨਾਂ ਨੂੰ ਜੋਰਦਾਰ ਗੁਜਾਰਿਸ਼ ਕਰਦੀ ਹੈ ਕਿ ਬਿਨ੍ਹਾਂ ਕਿਸੇ ਸਿਆਸੀ ਪ੍ਰਭਾਵ ਤੋਂ ਦੋਸ਼ੀ ਸਿਆਸਤਦਾਨਾਂ ਨੂੰ ਅਦਾਲਤ ਅੱਗੇ ਪੇਸ਼ ਕਰਨ ਦਾ ਪ੍ਰਬੰਧ ਕਰੇ ਤਾਂ ਕਿ ਅਦਾਲਤ ਤੇ ਕਾਨੂੰਨ ਬਿਨ੍ਹਾਂ ਕਿਸੇ ਦਖਲ ਦੇ ਆਪਣੀ ਅਗਲੇਰੀ ਕਾਰਵਾਈ ਕਰ ਸਕੇ ਅਤੇ ਇਸ ਕੇਸ ਵਿਚ ਸੰਬੰਧਤ ਧਿਰ ਨੂੰ ਇਨਸਾਫ ਮਿਲ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਰੀ ਮਸਜਿ਼ਦ ਸੰਬੰਧੀ ਹਾਈਕੋਰਟ ਦੇ ਆਏ ਉਸ ਫੈਸਲੇ ਜਿਸ ਵਿਚ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸੀ, ਓਮਾ ਭਾਰਤੀ ਆਦਿ ਬੀਜੇਪੀ ਦੇ ਫਿਰਕੂ ਲੀਡਰਾਂ ਨੂੰ ਦੋਸ਼ੀ ਠਹਿਰਾਉਦੇ ਹੋਏ ਕਾਰਵਾਈ ਕਰਨ ਦੇ ਹੁਕਮ ਕੀਤੇ ਹਨ, ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਅਦਾਲਤ ਨੇ ਜੋ ਸਿਆਸਤਦਾਨ ਬਾਬਰੀ ਮਸਜਿ਼ਦ ਗਿਰਾਉਣ ਲਈ ਸਾਹਮਣੇ ਲਿਆਂਦੇ ਹਨ, ਉਨ੍ਹਾਂ ਨੂੰ ਅਦਾਲਤ ਅੱਗੇ ਪੇਸ਼ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ । ਕਹਿਣ ਤੋਂ ਭਾਵ ਹੈ ਕਾਨੂੰਨ ਤੇ ਅਦਾਲਤ ਦੇ ਕੰਮ ਵਿਚ ਰੁਕਾਵਟ ਪਾਈ ਜਾ ਰਹੀ ਹੈ । ਜਦੋਂਕਿ ਹਿੰਦ ਦੇ ਵਿਧਾਨ ਦਾ ਕਾਨੂੰਨ ਇਥੋ ਦੇ ਸਭ ਨਾਗਰਿਕਾਂ ਲਈ ਬਰਾਬਰ ਹੈ । ਇਸ ਲਈ ਇਨ੍ਹਾਂ ਸਿਆਸਤਦਾਨਾਂ ਉਤੇ ਵੀ ਬਰਾਬਰਤਾ ਦੇ ਆਧਾਰ ਤੇ ਨਿਰਵਿਘਨ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਮੋਦੀ ਹਕੂਮਤ ਜੋ ਆਪਣੇ-ਆਪ ਨੂੰ ਇਨਸਾਫ਼ ਪਸੰਦ ਅਤੇ ਲੋਕ ਪੱਖੀ ਕਹਾਉਦੀ ਹੈ, ਉਹ ਆਪਣੇ ਦੋਸ਼ੀ ਆਗੂਆਂ ਨੂੰ ਅਦਾਲਤ ਅੱਗੇ ਪੇਸ਼ ਕਰਨ ਦਾ ਉਚੇਚਾ ਪ੍ਰਬੰਧ ਕਰੇਗੀ ਤਾਂ ਕਿ ਕਾਨੂੰਨ ਆਪਣੀ ਚਾਲ ਅਨੁਸਾਰ ਕਾਰਵਾਈ ਕਰ ਸਕੇ ਅਤੇ ਮੁਸਲਿਮ ਕੌਮ ਨੂੰ ਇਨਸਾਫ਼ ਮਿਲ ਸਕੇ ।

Comments