ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਲਈ ਸਿੱਖ ਅਜਾਇਬ ਘਰ ਵਿੱਚ ਵੱਖਰਾ ਸਥਾਨ ਬਣਾਉਣ ਦੀ ਮੰਗ

ਜਾਗੋ ਸਿੱਖ ਮੀਡੀਆ ਨਿਊਜ
ਦਮਦਮੀ ਟਕਸਾਲ ਨੇ ਜੂਨ 1984 ਦੇ ਫ਼ੌਜੀ ਹਮਲੇ ਵਿੱਚ ਸ਼ਹੀਦ ਹੋਏ ਸਿੱਖਾਂ ਦੀਆਂ ਤਸਵੀਰਾਂ ਲਾਉਣ ਲਈ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਵੱਖਰਾ ਤੇ ਢੁਕਵਾਂ ਸਥਾਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੂੰ ਮੰਗ ਪੱਤਰ ਸੌਂਪਿਆ ਹੈ।
ਉਨ੍ਹਾਂ ਮੰਗ ਪੱਤਰ ਵਿੱਚ ਕਿਹਾ ਕਿ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ 2016 ਨੂੰ ਸ਼ਹੀਦੀ ਸਮਾਗਮ ਦੌਰਾਨ ਸਰਬਸੰੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ ਕਿ ਜੂਨ 1984 ਮੌਕੇ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਦੌਰਾਨ ਗੁਰਧਾਮਾਂ ਦੀ ਰੱਖਿਆ ਖ਼ਾਤਰ ਕੁਰਬਾਨੀਆਂ ਦੇਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਹਿਯੋਗੀ ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਅਤੇ ਘੱਲੂਘਾਰੇ ਨਾਲ ਸਬੰਧਤ ਸ਼ਹੀਦਾਂ, ਸੂਰਬੀਰਾਂ ਦੀਆਂ ਤਸਵੀਰਾਂ ਤੇ ਨੁਕਸਾਨੇ ਗਏ ਅਕਾਲ ਤਖ਼ਤ ਦਰਬਾਰ ਸਾਹਿਬ, ਦਰਸ਼ਨੀ ਡਿਉੜੀ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ, ਫ਼ੌਜ ਵੱਲੋਂ ਕੀਤੀਆਂ ਵਧੀਕੀਆਂ ਵਾਲੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਲਈ ਢੁਕਵੀਂ ਤੇ ਵੱਖਰੀ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ।

Comments