ਬੀਜੇਪੀ ਵੱਲੋਂ ਸ. ਬਾਦਲ ਨੂੰ ਰਾਸ਼ਟਰਪਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਕੀ ਬੂਰ ਪਏਗਾ ਜਾਂ ਫਿਰ 1947 ਵਿਚ ਹਿੰਦੂ ਆਗੂਆਂ ਵੱਲੋਂ ਸਿੱਖ ਕੌਮ ਨਾਲ ਕੀਤੇ ਗਏ ਵਾਅਦੇ ਵਾਲਾ ਹਸ਼ਰ ਹੋਵੇਗਾ ? : ਮਾਨ

ਚੰਡੀਗੜ੍ਹ, 12 ਜੂਨ (ਜਾਗੋ ਸਿੱਖ ਮੀਡੀਆ ਨਿਊਜ) “ਬੀਜੇਪੀ ਦੇ ਪ੍ਰਮੁੱਖ ਆਗੂ ਸ੍ਰੀ ਅਡਵਾਨੀ, ਜੋਸੀ, ਵਾਜਪਾਈ ਆਦਿ ਸਿਰਕੱਢ ਆਗੂਆਂ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਵੱਡੇਰੀ ਸਿਆਸੀ ਅਤੇ ਦੁਨਿਆਵੀ ਉਮਰ ਨੂੰ ਦੇਖਦੇ ਹੋਏ ਕਈ ਵਾਰੀ ਸ. ਬਾਦਲ ਨਾਲ ਇਹ ਵਾਅਦੇ ਕੀਤੇ ਗਏ ਹਨ ਕਿ ਉਨ੍ਹਾਂ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਇਆ ਜਾਵੇਗਾ । ਹੁਣ ਜਦੋਂ ਰਾਸ਼ਟਰਪਤੀ ਦੀ ਨਵੀਂ ਚੋਣ ਵਿਚ ਥੋੜੇ ਦਿਨ ਬਾਕੀ ਰਹਿ ਗਏ ਹਨ, ਤਾਂ ਇਸ ਦਿਸ਼ਾ ਵੱਲ ਬੀਜੇਪੀ ਅਤੇ ਆਰ.ਐਸ.ਐਸ. ਦੀ ਕੋਈ ਹਿੱਲ-ਜੁਲ ਨਜ਼ਰ ਨਹੀਂ ਆ ਰਹੀ । ਹੁਣ ਵੇਖਣਾ ਇਹ ਹੈ ਕਿ ਮੌਜੂਦਾ ਭਾਰਤ ਦੀ ਹਕੂਮਤ ਤੇ ਕਾਬਜ ਮੁਤੱਸਵੀ ਸੋਚ ਵਾਲੇ ਬੀਜੇਪੀ ਦੇ ਆਗੂ ਇਕ ਸਿੱਖ ਆਗੂ ਨਾਲ ਰਾਸ਼ਟਰਪਤੀ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਅਮਲੀ ਰੂਪ ਵਿਚ ਪੂਰਨ ਕਰਦੇ ਹਨ ਜਾਂ ਨਹੀਂ ਜਾਂ ਫਿਰ 1947 ਵਿਚ ਜਿਵੇ ਨਹਿਰੂ, ਗਾਂਧੀ, ਪਟੇਲ ਆਦਿ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਇਹ ਵਾਅਦਾ ਕੀਤਾ ਸੀ ਕਿ ਭਾਰਤ ਆਜ਼ਾਦ ਮੁਲਕ ਕਾਇਮ ਹੋਣ ਤੇ ਭਾਰਤ ਦੇ ਉਤਰੀ ਖਿੱਤੇ ਵਿਚ ਸਿੱਖ ਕੌਮ ਨੂੰ ਇਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ । ਜਿਥੇ ਸਿੱਖ ਕੌਮ ਆਪਣੀ ਪੂਰਨ ਆਜ਼ਾਦੀ ਨਾਲ ਆਪਣੇ ਧਰਮ, ਸੱਭਿਅਤਾ ਅਤੇ ਪੰਜਾਬੀਅਤ ਦੀ ਪ੍ਰਫੁੱਲਤਾ ਕਰ ਸਕੇਗੀ ਤੇ ਬਿਨ੍ਹਾਂ ਕਿਸੇ ਡਰ-ਭੈ ਦੇ ਆਜ਼ਾਦੀ ਨਾਲ ਵਿਚਰੇਗੀ ਦੇ ਕੀਤੇ ਗਏ ਵਾਅਦੇ ਦੀ ਤਰ੍ਹਾਂ ਸ. ਬਾਦਲ ਨੂੰ ਰਾਸ਼ਟਰਪਤੀ ਬਣਾਉਣ ਦੇ ਵਾਅਦੇ ਦਾ ਵੀ ਇਹੀ ਹਸ਼ਰ ਹੋਵੇਗਾ ?”

Comments