ਫ਼ਤਿਹਗੜ੍ਹ ਸਾਹਿਬ:(ਜਾਗੋ ਸਿੱਖ ਮੀਡੀਆ ਨਿਊਜ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੀ ਪੀ.ਏ.ਸੀ, ਵਰਕਿੰਗ ਕਮੇਟੀ ਮੈਂਬਰ, ਜ਼ਿਲ੍ਹਾ ਜਥੇਦਾਰਾਂ ਅਤੇ ਕਿਸਾਨ ਆਗੂਆਂ ਦੀ ਇਕ ਮੀਟਿੰਗ ਨੂਰਮਹਿਲ ਦੇ ਇਕ ਹੋਟਲ ਵਿਚ ਹੋਈ।
ਮੀਟਿੰਗ ਉਪਰੰਤ ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਅਤੇ ਕਿਸਾਨਾਂ ਦੀਆਂ ਹੋ ਰਹੀਆਂ ਖੁਦਕਸੀਆਂ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਦੇ ਦਰਿਆਵਾਂ ਤੇ ਨਹਿਰੀ ਪਾਣੀਆਂ ਦਾ ਹੱਲ ਰਿਪੇਰੀਅਨ ਕਾਨੂੰਨ ਅਨੁਸਾਰ ਕੀਤਾ ਜਾਵੇ ਅਤੇ ਕਿਸਾਨ ਕਰਜ਼ਿਆਂ ‘ਤੇ ਲੀਕ ਮਾਰੀ ਜਾਵੇ। ਕਿਸਾਨੀ ਅਤੇ ਪਾਣੀਆਂ ਦੇ ਗੰਭੀਰ ਮਸਲਿਆਂ ਦਾ ਸਹੀ ਹੱਲ ਕਰਨ ਲਈ ਪੰਜਾਬ ਪੁਨਰ-ਗਠਨ ਐਕਟ 1966 ਨੂੰ ਕਾਨੂੰਨੀ ਚੁਣੋਤੀ ਦਿੱਤੀ ਜਾਵੇ।
ਜਾਰੀ ਬਿਆਨ ‘ਚ ਸ. ਮਾਨ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਹੋਰ ਸੂਬਿਆਂ ਵਿਚ ਸਿਕਲੀਗਰ ਸਿੱਖਾਂ ‘ਤੇ ਜੋ ਹਮਲੇ ਹੋ ਰਹੇ ਹਨ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ. ਮਾਨ ਨੇ ਕਿਹਾ ਕਿ ਹਿੰਦ ਦੇ ਵਿਧਾਨ ਦੀ ਧਾਰਾ 14 ਅਧੀਨ ਸਾਰੇ ਸ਼ਹਿਰੀਆਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਾਪਤ ਹਨ। ਜਾਰੀ ਬਿਆਨ ‘ਚ ਇਹ ਵੀ ਦੱਸਿਆ ਗਿਆ ਕਿ ਦਲ ਦੀ ਮੀਟਿੰਗ ‘ਚ ਇਹ ਵੀ ਫੈਸਲਾ ਕੀਤਾ ਹੈ ਕਿ ਬੀਤੇ ਵਰ੍ਹੇ 21 ਜੂਨ ਨੂੰ ‘ਗੱਤਕਾ ਦਿਹਾੜਾ’ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਸੀ, ਉਹ ਸਿੱਖ ਕੌਮ ਨੂੰ ਆਪਣੇ ਇਤਿਹਾਸ ਨਾਲ ਜੋੜਨ ਅਤੇ ਸਰੀਰਕ ਤੌਰ ‘ਤੇ ਮਜਬੂਤ ਰੱਖਣ ਹਿੱਤ ਹਰ ਸਾਲ 21 ਜੂਨ ਨੂੰ ਇਹ ਦਿਹਾੜਾ ਕੌਮੀ ਪੱਧਰ ‘ਤੇ ਮਨਾਇਆ ਜਾਇਆ ਕਰੇਗਾ। ਇਸ ਮਕਸਦ ਦੀ ਪ੍ਰਾਪਤੀ ਲਈ ਪਾਰਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਬੇਨਤੀ ਕੀਤੀ ਹੈ ਕਿ ਇਸ ਦਿਹਾੜੇ ਨੂੰ ਉਹ ਕੌਮੀ ਦਿਹਾੜੇ ਵਜੋਂ ਪ੍ਰਵਾਨ ਕਰਕੇ ਆਪਣੇ ਪੱਧਰ ‘ਤੇ ਮਨਾਉਣ। ਸ. ਮਾਨ ਨੇ ਕਿਹਾ ਕਿ ਜੇਕਰ ਪ੍ਰੋ. ਬਡੂੰਗਰ ਵਲੋਂ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਗਿਆ ਤਾਂ ਇਹ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਮਨਾਇਆ ਜਾਇਆ ਕਰੇਗਾ, ਜੇਕਰ ਪ੍ਰਵਾਨ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਤੌਰ ‘ਤੇ ਪਹਿਲਾਂ ਵਾਂਗ ਮਨਾਏਗਾ। ਪਾਰਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੇਵਲ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਹੀ ਨਹੀਂ ਲੜੇਗਾ, ਬਲਕਿ ਜਿ਼ਲ੍ਹਾ ਪ੍ਰੀਸ਼ਦ, ਪੰਚਾਇਤਾਂ, ਨਗਰ-ਨਿਗਮਾਂ, ਨਗਰ ਪਾਲਿਕਾਵਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਜਦੋਂ ਵੀ ਚੋਣਾਂ ਹੋਣਗੀਆਂ, ਪਾਰਟੀ ਇਨ੍ਹਾਂ ਚੋਣਾਂ ਵਿਚ ਮੋਹਰੀ ਹੋ ਕੇ ਲੜੇਗੀ।
ਅੱਜ (10 ਜੂਨ) ਦੀ ਮੀਟਿੰਗ ਵਿਚ ਪਾਰਟੀ ਦੇ ਮੁੱਖ ਬੁਲਾਰੇ ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਸੁਰਜੀਤ ਸਿੰਘ ਕਾਲਾਬੂਲਾ ਪੰਜੇ ਜਰਨਲ ਸਕੱਤਰ, ਅਮਰੀਕਾ ਦੇ ਮੀਤ ਪ੍ਰਧਾਨ ਰੇਸ਼ਮ ਸਿੰਘ, ਗੁਰਜੰਟ ਸਿੰਘ ਕੱਟੂ, ਗੁਰਨੈਬ ਸਿੰਘ ਨੈਬੀ ਜਥੇਬੰਦਕ ਸਕੱਤਰ, ਪ੍ਰਦੀਪ ਸਿੰਘ ਯੂਥ ਪ੍ਰਧਾਨ, ਬਹਾਦਰ ਸਿੰਘ ਭਸੌੜ, ਬਲਕਾਰ ਸਿੰਘ ਭੁੱਲਰ, ਗੋਪਾਲ ਸਿੰਘ ਝਾੜੋ, ਹਰਪਾਲ ਸਿੰਘ ਕੁੱਸਾ, ਬਲਰਾਜ ਸਿੰਘ ਮੋਗਾ, ਅੰਗਰੇਜ਼ ਸਿੰਘ ਮੋਗਾ, ਸਰੂਪ ਸਿੰਘ ਸੰਧਾ, ਜਸਵੰਤ ਸਿੰਘ ਚੀਮਾ, ਤਰਲੋਕ ਸਿੰਘ ਡੱਲਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਅਮਰੀਕ ਸਿੰਘ ਨੰਗਲ, ਸ਼ਹਿਬਾਜ਼ ਸਿੰਘ ਡਸਕਾ, ਕੁਲਦੀਪ ਸਿੰਘ ਭਾਗੋਵਾਲ, ਰਣਜੀਤ ਸਿੰਘ ਸੰਘੇੜਾ, ਸ਼ਿੰਗਾਰਾ ਸਿੰਘ ਬਡਲਾ, ਰਣਦੇਵ ਸਿੰਘ ਦੇਬੀ, ਕੁਲਦੀਪ ਸਿੰਘ ਗੜਗੱਜ, ਵਰਿੰਦਰ ਸਿੰਘ ਸੇਖੋਂ, ਮੱਖਣ ਸਿੰਘ ਸਮਾਓ, ਦੀਦਾਰ ਸਿੰਘ ਰਾਣੋ, ਹਰਜਿੰਦਰ ਸਿੰਘ ਮੈਂਬਰ ਲੋਕਲ ਕਮੇਟੀ ਲੁਧਿਆਣਾ, ਪ੍ਰਗਟ ਸਿੰਘ ਮੱਖੂ, ਕੁਲਵੰਤ ਸਿੰਘ ਮਜੀਠਾ ਆਦਿ ਸਭ ਜ਼ਿਲ੍ਹਾ ਪ੍ਰਧਾਨ ਅਤੇ ਵਰਕਿੰਗ ਕਮੇਟੀ ਮੈਬਰ ਸ਼ਾਮਲ ਸਨ।
Comments
Post a Comment