ਅੰਮ੍ਰਿਤਸਰ: (ਜਾਗੋ ਸਿੱਖ ਮੀਡੀਆ ਨਿਊਜ) ਯੂ.ਕੇ. ਦੀ ਸੰਸਦ ਦੇ ਪਹਿਲੇ ਸਿੱਖ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਖਿਆ ਕਿ ਜੂਨ 1984 ‘ਚ ਭਾਰਤੀ ਫੌਜ ਦੇ ਦਰਬਾਰ ਸਾਹਿਬ ‘ਤੇ ਹਮਲੇ ਵੇਲੇ ਬਰਤਾਨੀਆ ਸਰਕਾਰ ਦੀ ਕੀ ਭੂਮਿਕਾ ਸੀ, ਨੂੰ ਉਜਾਗਰ ਕਰਨ ਲਈ ਯਤਨ ਜਾਰੀ ਹਨ। ਉਹ ਬੁੱਧਵਾਰ (26 ਜੁਲਾਈ) ਸ਼ੁਕਰਾਨੇ ਵਜੋਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ। ਸ. ਢੇਸੀ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਕੀਰਤਨ ਸੁਣਨ ਤੋਂ ਬਾਅਦ ਜੋੜਾ ਘਰ ਅਤੇ ਲੰਗਰ ਘਰ ਵਿੱਚ ਸੇਵਾ ਵੀ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਢੇਸੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਜਥੇਬੰਦੀ ਲੇਬਰ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਸ ਗੱਲ ਨੂੰ ਸ਼ਾਮਲ ਕੀਤਾ ਸੀ ਕਿ ਜੇਕਰ ਲੇਬਰ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤਾਂ ਇਹ ਪਤਾ ਲਾਇਆ ਜਾਵੇਗਾ ਕਿ ਜੂਨ 1984 ਵਿੱਚ ਦਰਬਾਰ ਸਾਹਿਬ ’ਤੇ ਹੋਏ ਭਾਰਤੀ ਫੌਜੀ ਹਮਲੇ ਵਿੱਚ ਬਰਤਾਨਵੀ ਸਰਕਾਰ ਦੀ ਕੀ ਭੂਮਿਕਾ ਸੀ। ਬਰਤਾਨੀਆ ਦੇ ਨਿਯਮਾਂ ਮੁਤਾਬਕ ਕਿਸੇ ਵੀ ਘਟਨਾ ਦੇ 25 ਵਰ੍ਹਿਆਂ ਬਾਅਦ ਘਟਨਾ ਸਬੰਧੀ ਭੇਤਾਂ ਨੂੰ ਜਨਤਕ ਕੀਤਾ ਜਾ ਸਕਦਾ ਹੈ। ਉਹ ਸਰਕਾਰ ’ਤੇ ਦਬਾਅ ਬਣਾਉਣਗੇ ਕਿ ਇਸ ਘਟਨਾ ਸਬੰਧੀ ਭੇਤ ਜੱਗ ਜ਼ਾਹਰ ਕੀਤੇ ਜਾਣ।
ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਰਬਾਰ ਸਾਹਿਬ ਮੱਥਾ ਟੇਕਣ ਆਏ
ਵਿਦੇਸ਼ਾਂ ਵਿੱਚ ਸਿੱਖਾਂ ਨਾਲ ਹੋ ਰਹੇ ਨਸਲੀ ਵਿਤਕਰੇ ਨੂੰ ਰੋਕਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਹ ਆਪਣੀ ਸੰਸਦ ਵਿੱਚ ਇਸ ਸਬੰਧੀ ਆਵਾਜ਼ ਬੁਲੰਦ ਕਰਨਗੇ ਅਤੇ ਸਿੱਖਾਂ ਪ੍ਰਤੀ ਨਫ਼ਰਤ ਖਤਮ ਕਰਨ ਲਈ ਯਤਨ ਕੀਤੇ ਜਾਣਗੇ। ਫਰਾਂਸ ਵਿੱਚ ਦਸਤਾਰ ’ਤੇ ਰੋਕ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਯੂ.ਕੇ. ਦੀ ਸੰਸਦ ਵਿੱਚ ਵੀ ਚੁੱਕਿਆ ਸੀ ਅਤੇ ਇਸ ਦੇ ਹੱਲ ਲਈ ਯਤਨਸ਼ੀਲ ਹਨ। ਆਪਣੀ ਜਿੱਤ ਬਾਰੇ ਉਨ੍ਹਾਂ ਕਿਹਾ ਕਿ ਇਸ ਜਿੱਤ ਵਿਚ ਸਲੋਅ ਸੰਸਦੀ ਹਲਕੇ ਦੇ ਸਿਰਫ ਸਿੱਖ ਭਾਈਚਾਰੇ ਦਾ ਹੀ ਸਹਿਯੋਗ ਨਹੀਂ ਸਗੋਂ ਉਥੇ ਵਸਦੇ ਇਸਾਈ, ਮੁਸਲਿਮ ਤੇ ਹੋਰਨਾਂ ਫਿਰਕਿਆਂ ਦੇ ਲੋਕਾਂ ਦਾ ਵੀ ਸਹਿਯੋਗ ਮਿਲਿਆ ਹੈ।
Comments
Post a Comment