ਨਿਊਜ਼ੀਲੈਂਡ ਦੇ ਆਕਲੈਂਡ ‘ਚ ਕ੍ਰਿਪਾਨਧਾਰੀ ਸਿੱਖ ਨੂੰ ਬੱਸ ‘ਚ ਦੇਖ ਕੇ ਇਕ ਮੁਸਾਫਰ ਨੇ ਪੁਲਿਸ ਸੱਦੀ

ਆਕਲੈਂਡ: (ਜਾਗੋ ਸਿੱਖ ਮੀਡੀਆ ਨਿਊਜ) ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ। ਇਕ ਚਸ਼ਮਦੀਦ ਦੇ ਹਵਾਲੇ ਨਾਲ ‘ਨਿਊਜ਼ੀਲੈਂਡ ਹੈਰਲਡ’ ਨੇ ਲਿਖਿਆ, ‘ਅਸੀਂ ਸ਼ੀਸ਼ੇ ਤੋਂ ਬਾਹਰ ਦੇਖਿਆ ਤਾਂ ਪਿੱਛੇ ਪੁਲਿਸ ਦੀ ਕਾਰ ਹੂਟਰ ਮਾਰਦੀ ਆ ਰਹੀ ਸੀ ਅਤੇ ਹਥਿਆਰਬੰਦ ਵਿਅਕਤੀ ਸਾਡੇ ਆਲੇ ਦੁਆਲੇ ਸਨ। ਇਕ ਪੁਲਿਸ ਮੁਲਾਜ਼ਮ ਬੱਸ ਵਿੱਚ ਵੜਿਆ ਅਤੇ ਉਸ ਦੇ ਹੱਥ ਵਿੱਚ ਬੰਦੂਕ ਸੀ। ਉਸ ਨੇ ਇਕ ਵਿਅਕਤੀ ਨੂੰ ਕਿਹਾ ਕਿ ਆਪਣੇ ਹੱਥ ਉਪਰ ਕਰੇ ਤਾਂ ਜੋ ਉਹ ਉਸ ਨੂੰ ਦੇਖ ਸਕਣ ਅਤੇ ਬੱਸ ਵਿੱਚੋਂ ਬਾਹਰ ਨਿਕਲ ਜਾਵੇ।’

ਪ੍ਰਤੀਕਾਤਮਕ ਤਸਵੀਰ

ਇਸ ਚਸ਼ਮਦੀਦ ਮੁਤਾਬਕ ਸਿੱਖ ਮੁਸਾਫ਼ਰ, ਜਿਸ ਦੀ ਉਮਰ 20 ਕੁ ਸਾਲ ਲੱਗਦੀ ਸੀ, ਦੇ ਸਿਰ ’ਤੇ ਦਸਤਾਰ ਸੀ ਅਤੇ ਉਸ ਨੇ ਕਿਰਪਾਨ ਪਾਈ ਹੋਈ ਸੀ। ਪੁਲਿਸ ਨੇ ਉਸ ਦੀ ਕਿਰਪਾਨ ਲਾਹ ਦਿੱਤੀ। ਪੁਲਿਸ ਦੀ ਤਰਜਮਾਨ ਨੇ ਦੱਸਿਆ ਕਿ ਇਕ ਵਿਅਕਤੀ ਨੇ ਕਿਰਪਾਨ ਦੇਖ ਕੇ ਪੁਲਿਸ ਬੁਲਾਈ ਸੀ। ਪੁਲਿਸ ਅਫ਼ਸਰਾਂ ਕੋਲ ਹਥਿਆਰ ਨਹੀਂ ਸਨ। ਅਖ਼ਬਾਰ ਦੀ ਰਿਪੋਰਟ ਮੁਤਾਬਕ, ‘ਪੁਲੀਸ ਨੇ ਇਸ ਸਿੱਖ ਨਾਲ ਗੱਲਬਾਤ ਕੀਤੀ ਹੈ। ਉਸ ਕੋਲ ਕਿਰਪਾਨ ਸੀ ਅਤੇ ਉਹ ਨਿਊਜ਼ੀਲੈਂਡ ਵਿੱਚ ਕਾਨੂੰਨੀ ਤੌਰ ’ਤੇ ਰਹਿ ਰਿਹਾ ਹੈ। ਉਹ ਨਿਮਰ ਤੇ ਸਹਿਯੋਗੀ ਸੀ। ਇਸ ਮਾਮਲੇ ਵਿੱਚ ਅੱਗੇ ਹੋਰ ਕੋਈ ਕਾਰਵਾਈ ਨਹੀਂ ਕੀਤੀ ਗਈ।’ ਪੁਲੀਸ ਤਰਜਮਾਨ ਨੇ ਕਿਹਾ ਕਿ ਸਿੱਖ ਵਿਅਕਤੀ ਦੀ ਕਿਰਪਾਨ ਜ਼ਬਤ ਨਹੀਂ ਕੀਤੀ ਗਈ।

Comments