ਅੰਮ੍ਰਿਤਸਰ, 15 ਸਤੰਬਰ (ਜਾਗੋ ਸਿੱਖ ਮੀਡੀਆ ਨਿਊਜ਼): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਬ ਟੀ. ਵੀ. 'ਤੇ ਚਲਦੇ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਚ ਰੋਸ਼ਨ ਸਿੰਘ ਸੋਢੀ ਨਾਂਅ ਦੇ ਇਕ ਪਾਤਰ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਪੇਸ਼ ਕਰਨ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਦੇ ਨਿਰਮਾਤਾ ਸਮੇਤ ਹੋਰ ਸਬੰਧਤ ਅਤੇ ਟੀ. ਵੀ. ਚੈਨਲ ਵਲੋਂ ਕੀਤੀ ਇਹ ਹਰਕਤ ਮੁਆਫ਼ੀਯੋਗ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਲੜੀਵਾਰ ਨੂੰ ਤੁਰਤ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੁਰੂਆਂ ਦਾ ਰੋਲ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ, ਇਸ ਲਈ ਇਸ ਘਟਨਾ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਸ ਤੋਂ ਪਹਿਲਾਂ ਵੀ ਇਸ ਚੈਨਲ ਵਲੋਂ ਇਸੇ ਸੀਰੀਅਲ ਵਿਚ ਹੀ ਸਿੱਖ ਪਰੰਪਰਾਵਾਂ ਵਿਰੁਧ ਫ਼ਿਲਮਾਂਕਣ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਅਜਿਹੀ ਹਰਕਤ ਕਰਨ ਨਾਲ ਇਹ ਸਿੱਧ ਹੋਇਆ ਹੈ ਕਿ ਇਹ ਟੀ.ਵੀ. ਚੈਨਲ ਜਾਣਬੁੱਝ ਕੇ ਕਿਸੇ ਸਾਜ਼ਸ਼ ਤਹਿਤ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਕਰਨ ਦੇ ਨਾਲ-ਨਾਲ ਅਤੇ ਸਿੱਖ ਧਰਮ ਦੀਆਂ ਪਰੰਪਰਾਵਾਂ ਨੂੰ ਮੀਡੀਆ ਰਾਹੀਂ ਢਾਅ ਲਾ ਰਿਹਾ ਹੈ। ਇਸੇ ਚੈਨਲ ਵਿਚ ਸਿੱਖ ਕਿਰਪਾਨ ਅਤੇ ਦਰਬਾਰ ਸਾਹਿਬ ਦੀ ਤਸਵੀਰ ਦੀ ਵੀ ਬੇਅਦਬੀ ਕੀਤੀ ਗਈ ਸੀ। ਇਸ ਚੈਨਲ ਦੇ ਪ੍ਰਬੰਧਕਾਂ ਸਮੇਤ ਸੀਰੀਅਲ ਦੇ ਨਿਰਮਾਤਾਂ ਨੂੰ ਅਪਣੀਆਂ ਅਜਿਹੀਆਂ ਸਿੱਖ ਧਰਮ ਵਿਰੋਧੀ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਪ੍ਰੋ. ਬਡੂੰਗਰ ਨੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਬੰਧ ਵਿਚ ਪੜਤਾਲ ਕਰਨ ਲਈ ਇਕ ਕਮੇਟੀ ਬਣਾ ਦਿਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧ ਵਿਚ ਸਬ-ਕਮੇਟੀ ਦੀ ਰੀਪੋਰਟ ਆਉਣ 'ਤੇ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।
Comments
Post a Comment