ਚੰਡੀਗੜ੍ਹ: (ਜਾਗੋ ਸਿੱਖ ਮੀਡੀਆ ਬਿਊਰੋ) ਦਿੱਲੀ ਵਿੱਚ ਨਵੰਬਰ 1984 ਦੌਰਾਨ ਹੋਈ ਸਿੱਖ ਨਸਲਕੁਸ਼ੀ ਦੇ ਮੌਕੇ ਕਾਂਗਰਸ ਵੱਲੋਂ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਅਤੇ ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਮੁੱਖ ਦੋਸ਼ੀ ਇੰਦਰਾ ਗਾਂਧੀ ਦਾ ਬੁੱਤ ਲਾਉਣ ਦੇ ਕੀਤੇ ਐਲਾਨ ਨੇ ਸਿੱਖ ਹਲਕਿਆਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ।
ਇੰਦਰਾ ਗਾਂਧੀ
ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੂੰਮਾ ਅਤੇ ਬਾਦਲ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਦੇ ਐਲਾਨ ਦ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ।
ਕਾਂਗਰਸ ਵੱਲੋਂ ਇੰਦਰਾ ਗਾਂਧੀ ਦਾ ਬੁੱਤ ਪੰਜਾਬ ‘ਚ ਲਾਉਣ ਦੇ ਐਲਾਨ ਮਗਰੋਂ ਰਾਜਨੀਤੀ ਗਰਮਾ ਗਈ ਹੈ । ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਗਰਸ ਨੂੰ ਕਿਹਾ ਕਿ ਕਾਂਗਰਸ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 33ਵੀਂ ਬਰਸੀ ਮੌਕੇ ਉਸ ਦਾ ਬੁੱਤ ਪੰਜਾਬ ਵਿਚ ਲਾਉਣ ਤੋਂ ਗੁਰੇਜ਼ ਕਰੇ । ਜ਼ਿਕਰਯੋਗ ਹੈ ਕਿ ਯੂਥ ਕਾਂਗਰਸ ਦੇ ਸਕੱਤਰ ਵਿਜੈ ਅਗਨੀਹੋਤਰੀ ਨੇ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਐਲਾਨ ਕੀਤਾ ਸੀ ਕਿ ਇੰਦਰਾ ਗਾਂਧੀ ਦੀ 33ਵੀਂ ਬਰਸੀ ਮੌਕੇ 30 ਅਕਤੂਬਰ ਨੂੰ ਲੁਧਿਆਣਾ ‘ਚ ਕਾਂਗਰਸ ਭਵਨ ਵਿਖੇ ਇੰਦਰਾ ਗਾਂਧੀ ਦਾ ਬੁੱਤ ਸਥਾਪਿਤ ਕੀਤਾ ਜਾਵੇਗਾ ।
ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਿਚ ਇੰਦਰਾ ਗਾਂਧੀ ਦਾ ਬੁੱਤ ਲਾਉਣ ਦੀ ਕਾਰਵਾਈ ਨਾਲ ਸੂਬੇ ਦਾ ਸ਼ਾਂਤੀਪੂਰਨ ਮਾਹੌਲ ਖ਼ਰਾਬ ਹੋ ਸਕਦਾ ਹੈ । ਇਸ ਕਰਕੇ ਕਾਂਗਰਸ ਨੂੰ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੀਦਾ । ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਵੀ ਕਾਂਗਰਸ ਦੇ ਇਸ ਐਲਾਨ ਦੀ ਨਿਖੇਧੀ ਕੀਤੀ ਹੈ ।
Comments
Post a Comment