ਪਾਕਿਸਤਾਨ (ਜਾਗੋ ਸਿੱਖ ਮੀਡੀਆ ਬਿਊਰੋ) ਹਿਨਾ ਨੂੰ ਆਖ਼ਰ ਆਪਣੇ ਵਤਨ ਮੁੜਨ ਦੀ ਆਗਿਆ ਮਿਲ ਗਈ ਹੈ। ਉਹ 2006 ਵਿੱਚ ਭਾਰਤ ਦੀ ਅੰਮ੍ਰਿਤਸਰ ਜੇਲ੍ਹ 'ਚ ਪੈਦਾ ਹੋਈ ਸੀ। ਉਸ ਦੀ ਮਾਂ ਅਤੇ ਮਾਸੀ ਇਸ ਜੇਲ੍ਹ ਵਿੱਚ ਬੰਦ ਹਨ।
ਹਿਨਾ ਦੀ ਮਾਂ ਫ਼ਾਤਿਮਾ ਅਤੇ ਮਾਸੀ ਮੁਮਤਾਜ਼ ਦੀ ਸਜ਼ਾ ਪੂਰੀ ਹੋਣ ਅਤੇ ਇੱਕ ਸਥਾਨਕ ਗ਼ੈਰ ਸਰਕਾਰੀ ਸੰਸਥਾ ਵਲੋਂ ਉਨ੍ਹਾਂ 'ਤੇ ਲੱਗਿਆ 4 ਲੱਖ ਰੁਪਏ ਦਾ ਜੁਰਮਾਨਾ ਜਮਾਂ ਕਰਾਉਣ ਨਾਲ ਹਿਨਾ ਦੀ ਰਿਹਾਈ ਦਾ ਰਾਹ ਖੁੱਲਿਆ ਹੈ।
'ਤਾਜਮਹਿਲ ਪਾਕਿਸਤਾਨ ਭੇਜ ਦਿਓ, ਅਸੀਂ ਵੀ...'
ਜਦੋਂ ਪਾਕਿਸਤਾਨੀ ਜੇਲ੍ਹ 'ਚੋਂ ਭੱਜੇ ਭਾਰਤੀ ਪਾਇਲਟ
ਜੇਕਰ ਅਜਿਹਾ ਨਾ ਹੁੰਦਾ ਤਾਂ ਉਨ੍ਹਾਂ ਨੂੰ ਦੋ ਸਾਲ ਹੋਰ ਜੇਲ੍ਹ ਕੱਟਣੀ ਪੈਣੀ ਸੀ, ਪਰ ਹੁਣ ਰਿਹਾਈ ਲਈ ਰਸਮੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ।
ਰਿਹਾਈ ਦੀ ਮਿਲੀ ਰਸਮੀ ਪ੍ਰਵਾਨਗੀ
ਬੀਬੀਸੀ ਨਾਲ ਗੱਲ ਕਰਦਿਆਂ ਡੀਆਈਜੀ (ਜੇਲ੍ਹ) ਸੁਰਿੰਦਰ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਕੋਲ ਹਿਨਾ, ਫ਼ਾਤਿਮਾ ਅਤੇ ਮੁਮਤਾਜ਼ ਦੇ ਰਿਹਾਈ ਦੇ ਆਡਰ ਆ ਗਏ ਹਨ।
ਉਨ੍ਹਾਂ ਕਿਹਾ ਕਿ ਤਿੰਨੋਂ ਨਵੰਬਰ 2 ਨੂੰ ਅਟਾਰੀ ਵਾਗਾ ਬਾਰਡਰ ਪਾਰ ਕਰਨਗੀਆਂ।
ਪਾਕਿਸਤਾਨੀ ਔਰਤਾਂ ਦੀ ਵਕੀਲ ਨਵਜੋਤ ਕੌਰ ਚੱਬਾ ਮੁਤਾਬਕ ਤਿੰਨਾਂ ਪਾਕਿਸਤਾਨੀ ਨਾਗਰਿਕਾਂ ਦੀ ਰਿਹਾਈ ਲਈ ਨਵੀਂ ਦਿੱਲੀ 'ਚ ਪਾਕ ਦੂਤਾਵਾਸ ਅਤੇ ਪੰਜਾਬ ਜੇਲ੍ਹ ਵਿਭਾਗ ਦੇ ਡੀਜੀਪੀ ਵਲੋਂ ਵੀ ਰਿਹਾਈ ਦੀ ਰਸਮੀ ਪ੍ਰਵਾਨਗੀ ਮਿਲ ਚੁੱਕੀ ਹੈ।
ਨਵਜੋਤ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਬਟਾਲਾ ਦੇ ਹਿਊਮੈਨਟੀ ਕਲੱਬ ਦੇ ਪ੍ਰਧਾਨ ਨਵਤੇਜ ਸਿੰਘ ਨੇ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾ ਦਿੱਤੀ ਹੈ।
ਚੱਬਾ ਨੇ ਦੱਸਿਆ ਕਿ ਫਾਤਿਮਾ ਅਤੇ ਮੁਮਤਾਜ਼ ਨੂੰ ਭਾਰਤ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮ ਵਿੱਚ 8 ਮਈ 2006 ਨੂੰ ਅਟਾਰੀ ਕੌਮਾਂਤਰੀ ਸਰਹੱਦ' ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੋਵਾਂ ਨੂੰ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੇਂਸ਼ਨ (ਐਨ ਡੀ ਪੀ ਐਸ) ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ 'ਚ ਉਨ੍ਹਾਂ ਨੂੰ ਸਾਢੇ ਦਸ ਸਾਲ ਦੀ ਸਜ਼ਾ ਦਿੱਤੀ ਗਈ ਸੀ, ਜੋ ਨਵੰਬਰ 2016 ਵਿੱਚ ਮੁਕੰਮਲ ਹੋ ਚੁੱਕੀ ਹੈ।
ਅਦਾਲਤ ਨੇ ਦੋਵਾਂ ਨੂੰ ਦੋ-ਦੋ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ।
ਜਿਸ ਦਾ ਭੁਗਤਾਨ ਨਾ ਹੋਣ ਕਾਰਨ ਦੋਵਾਂ ਨੂੰ ਦੋ ਸਾਲ ਦੀ ਹੋਰ ਸਜ਼ਾ ਕੱਟਣੀ ਪੈ ਰਹੀ ਸੀ।
ਫਾਤਿਮਾ ਗ੍ਰਿਫ਼ਤਾਰੀ ਵੇਲੇ ਗਰਭਵਤੀ ਸੀ, ਜਿਸ ਨੇ ਬਾਅਦ ਵਿੱਚ ਹਿਨਾ ਨੂੰ ਜੇਲ੍ਹ ਵਿੱਚ ਹੀ ਜਨਮ ਦਿੱਤਾ ਸੀ।
ਚੱਬਾ ਨੇ ਕਿਹਾ,"ਮੈਂ ਬਹੁਤ ਖੁਸ਼ ਹਾਂ ਕਿ ਕੁੜੀ ਆਪਣੀ ਮਾਂ ਤੇ ਮਾਸੀ ਨਾਲ ਦਸ ਸਾਲ ਜੇਲ੍ਹ ਵਿੱਚ ਬਿਤਾਉਣ ਪਿੱਛੋਂ ਆਪਣੇ ਪਰਿਵਾਰ ਵਿੱਚ ਜਾ ਰਹੀ ਹੈ।"
ਪ੍ਰਕਿਰਿਆ 'ਚ ਤੇਜ਼ੀ ਦੀ ਅਪੀਲ
ਚੱਬਾ ਨੇ ਦੱਸਿਆ ਕਿ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਹਿਨਾ ਦੀ ਵੱਲੋਂ ਗ੍ਰਹਿ ਮਾਮਲੇ ਅਤੇ ਵਿਦੇਸ਼ ਮੰਤਰਾਲੇ ਤੋਂ ਆਪਣੀਆਂ ਫਾਈਲਾਂ ਦੀ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਉਹ ਜਿੰਨੀ ਜਲਦੀ ਸੰਭਵ ਹੋ ਸਕੇ ਆਪਣੇ ਘਰ ਜਾ ਸਕੇ।
ਉਸ ਨੇ ਦੱਸਿਆ ਕਿ 7 ਅਪਰੈਲ, 2017 ਨੂੰ 4 ਲੱਖ ਰੁਪਏ ਜੁਰਮਾਨਾ ਜਮ੍ਹਾਂ ਕਰਵਾਇਆ ਗਿਆ ਸੀ।
ਉਸ ਨੇ ਦੱਸਿਆ ਕਿ ਹਿਨਾ ਅਤੇ ਉਸ ਦੀ ਮਾਂ ਰਿਹਾਈ ਦੀ ਖ਼ਬਰ ਸੁਣ ਕੇ ਖੁਸ਼ ਹੋਈਆਂ। ਹਿਨਾ ਆਪਣੇ ਪਿਤਾ ਅਤੇ ਭੈਣ-ਭਰਾਵਾਂ ਨੂੰ ਮਿਲਣ ਲਈ ਉਤਸਕ ਹੈ, ਜਿਨ੍ਹਾਂ ਨੂੰ ਉਸ ਨੇ ਕਦੇ ਨਹੀਂ ਵੇਖਿਆ ਬਸ ਆਪਣੀ ਮਾਂ ਕੋਲੋਂ ਸੁਣਿਆ ਹੈ।
ਆਪਣੇ ਜੇਲ੍ਹ ਜੀਵਨ ਦੌਰਾਨ ਹਿਨਾ ਜੇਲ੍ਹ ਦੇ ਹੀ ਸਕੂਲ ਵਿੱਚ ਪੜੀ ਹੈ। ਉਸ ਨੂੰ ਪੜ੍ਹਾਉਣ ਵਾਲੇ ਅਧਿਆਪਕ ਸੁਖਜਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਹਿਨਾ ਕਾਫ਼ੀ ਹੁਸ਼ਿਆਰ ਕੁੜੀ ਹੈ।
ਉਸ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨੇ ਭਸ਼ਾਵਾਂ ਚੰਗੀ ਤਰ੍ਹਾਂ ਸਿੱਖ ਲਈਆਂ ਹਨ। ਉਹ ਪੰਜਵੀ ਜਮਾਤ ਤੱਕ ਪੜ੍ਹੀ ਹੈ, ਪਰ ਉਸ ਨੂੰ ਛੇਵੀਂ 'ਚ ਪੜ੍ਹਨ ਲਈ ਜੇਲ੍ਹ ਤੋਂ ਬਾਹਰ ਸਕੂਲ ਭੇਜਣ ਦੀ ਆਗਿਆ ਨਹੀਂ ਮਿਲੀ ਸੀ।
ਪਤੀ ਤੇ ਬੱਚਿਆਂ ਵੱਲੋਂ ਬੇਸਬਰੀ ਨਾ ਉਡੀਕ
ਸਰਹੱਦ ਦੇ ਦੂਜੇ ਪਾਸੇ ਪਾਕਿਸਤਾਨ ਵਿੱਚ ਸ਼ੈਫਉੱਲਦੀਨ ਰਹਿਮਾਨ ਅਤੇ ਉਸਦੇ ਛੇ ਬੱਚੇ ਉਸਦੀ ਪਤਨੀ ਅਤੇ ਸਭ ਤੋਂ ਛੋਟੀ ਭੈਣ ਹਿਨਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਮਾਸੀ ਮੁਮਤਾਜ਼ ਵੀ 10 ਸਾਲ ਬਾਅਦ ਪਾਕਿਸਤਾਨ ਪਰਤੇਗੀ।
ਬੀਬੀਸੀ ਨਾਲ ਪਾਕਿਸਤਾਨ ਦੇ ਗੁਜਰਾਂਵਾਲਾ ਤੋਂ ਫ਼ੋਨ 'ਤੇ ਗੱਲਬਾਤ ਕਰਦਿਆਂ ਸੈਫ਼ਉੱਲਦੀਨ ਨੇ ਦੱਸਿਆ ਕਿ ਉਸ ਲਈ ਪਿਛਲੇ ਇੱਕ ਦਹਾਕੇ ਦਾ ਸਮਾਂ ਬਹੁਤ ਔਖਾ ਸੀ। ਉਹੀ ਜਾਣਦਾ ਹੈ ਕਿ ਉਸਨੇ ਕਿਵੇਂ ਫ਼ਾਤਿਮਾ ਤੋਂ ਬਿਨਾ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕੀਤਾ।
ਆਪਣੀ ਪਤਨੀ ਅਤੇ ਸਾਲੀ ਦੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਉਹ ਕਹਿੰਦਾ ਹੈ ਕਿ ਉਹ ਹੁਣ ਉਡੀਕ ਕਰਦੇ ਹਨ ਕਿ ਕਦੋਂ ਫ਼ਾਤਿਮਾ ਤੇ ਹਿਨਾ ਦੀ ਵਾਪਸੀ ਹੋਵੇਗੀ।
ਸੈਫ਼ਉੱਲਦੀਨ ਗੁਜਰਾਂਵਾਲਾ 'ਚ ਇੱਕ ਕਨਫੈਕਸ਼ਨਰੀ ਦੀ ਫ਼ੈਕਟਰੀ 'ਚ ਕੰਮ ਕਰਦਾ ਹੈ।
ਉਸ ਨੇ ਕਿਹਾ, ''ਮੈਂ ਬਹੁਤ ਗ਼ਰੀਬ ਆਦਮੀ ਹਾਂ, ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਪਾਲ ਰਿਹਾ ਹਾਂ। ਮੇਰੇ ਕੋਲ ਜੁਰਮਾਨਾ ਜਮਾਂ ਕਰਵਾਉਣ ਲਈ ਪੈਸੇ ਨਹੀਂ ਸਨ, ਪਰ ਮੈਂ ਹਿਊਮੈਨਿਟੀ ਕਲੱਬ ਐਂਡ ਸੁਸਾਇਟੀ ਫਾਰ ਵੁਮੈਨ ਐਂਡ ਗ੍ਰੀਨ ਕੌਜ਼ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਪਤਨੀ ਤੇ ਬੱਚੀ ਲਈ ਇਹ ਪੈਸਾ ਜਮਾਂ ਕਰਵਾਇਆ।''
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਉਨ੍ਹਾਂ ਦਾ ਸਵਾਗਤ ਕਿਵੇਂ ਕਰੇਗਾ ਤਾਂ ਉਸ ਨੇ ਭਾਵੁਕ ਹੁੰਦਿਆਂ ਕਿਹਾ, ''ਅਸੀਂ ਵਾਹਘੇ ਜਾ ਰਹੇ ਹਾਂ ਉਨ੍ਹਾਂ ਨੂੰ ਲਿਆਉਣ ਲਈ, ਉਸ ਤੋਂ ਬਾਅਦ ਸਿੱਧੇ ਦਰਗਾਹ ਜਾ ਕੇ ਅੱਲਾਹ ਦਾ ਸ਼ੁਕਰਾਨਾ ਕਰਾਂਗੇ।''
Comments
Post a Comment