ਕਰਜ਼ੇ ਤੇ ਗਰੀਬੀ ਕਾਰਨ ਕਿਸਾਨ ਤੇ ਖੇਤ ਮਜ਼ਦੂਰ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ : (ਜਾਗੋ ਸਿੱਖ ਮੀਡੀਆ ਬਿਊਰੋ) ਕਰਜ਼ੇ ਕਾਰਨ ਕਿਸਾਨ ਤੇ ਗਰੀਬੀ ਕਾਰਨ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਹੈ। ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਗੁਰਨੈਬ ਸਿੰਘ (32) ਦੇ ਸਿਰ ਸੁਸਾਇਟੀ, ਆੜ੍ਹਤੀਏ ਅਤੇ ਹੋਰ ਲੈਣਦਾਰੀਆਂ ਦਾ ਪੰਜ ਲੱਖ ਰੁਪਏ ਦਾ ਕਰਜ਼ਾ ਸੀ। ਉਸ ਕੋਲ ਡੇਢ ਕਿੱਲਾ ਜ਼ਮੀਨ ਸੀ। ਸ਼ਨਿਚਰਵਾਰ ਰਾਤ ਉਹ ਘਰੋਂ ਖੇਤ ਪਾਣੀ ਲਾਉਣ ਲਈ ਗਿਆ ਸੀ ਅਤੇ ਉਸ ਨੇ ਖੇਤ ਵਾਲੇ ਕੋਠੇ ਵਿੱਚ ਫਾਹਾ ਲੈ ਲਿਆ। ਸਦਰ ਥਾਣਾ ਮਾਨਸਾ ਦੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਅਮਨਦੀਪ ਕੌਰ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।

ਦੂਜੇ ਪਾਸੇ ਪਿੰਡ ਖੋਖਰ ਕਲਾਂ ਦੇ ਮਜ਼ਦੂਰ ਬਿੰਦਰ ਸਿੰਘ (48) ਨੇ ਗ਼ਰੀਬੀ ਅਤੇ ਬਿਮਾਰੀ ਤੋਂ ਪ੍ਰੇਸ਼ਾਨ ਹੋ ਕੇ ਛਿੰਦਵਾੜਾ ਐਕਸਪ੍ਰੈਸ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਉਹ ਟੀਬੀ ਤੋਂ ਪੀੜਤ ਸੀ। ਕੁਝ ਸਮਾਂ ਪਹਿਲਾਂ ਉਸ ਦੇ ਭਰਾ ਜਗਸੀਰ ਸਿੰਘ ਨੇ ਵੀ ਗੱਡੀ ਹੇਠ ਆ ਕੇ ਜਾਨ ਦੇ ਦਿੱਤੀ ਸੀ। ਉਸ ਨੇ ਆਪਣੇ ਭਰਾ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ, ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਰੇਲਵੇ ਪੁਲਿਸ ਨੇ ਪਤਨੀ ਜਸਪ੍ਰੀਤ ਕੌਰ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।

Comments