ਮੋਗਾ- (ਜਾਗੋ ਸਿੱਖ ਮੀਡੀਆ ਬਿਊਰੋ) ਪਿੰਡ ਸੱਦ ਸਿੰਘ ਵਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਦੋ ਧੜਿਆਂ ਦੇ ਵਿਵਾਦ ਵਿੱਚ ਕੱਲ੍ਹ ਨਿਹੰਗਾਂ ਵੱਲੋਂ ਗੁਰਦੁਆਰੇ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੇ ਜਾਣ ਕਾਰਨ ਪਿੰਡ ਵਾਸੀਆਂ ਤੇ ਨਿਹੰਗਾਂ ਦੀ ਝੜਪ ਹੋ ਗਈ। ਫਿਰ ਨਿਹੰਗ ਭਜਾ ਦਿੱਤੇ ਗਏ।ਥਾਣਾ ਸਦਰ ਦੇ ਮੁਖੀ ਇੰਸਪੈਕਟਰ ਰੁਮੇਸ਼ਪਾਲ ਨੇ ਨਿਹੰਗਾਂ ਦੀ 12 ਬੋਰ ਬੰਦੂਕ ਅਤੇ ਸਕਾਰਪੀਓ ਗੱਡੀ ਕਬਜ਼ੇ ਵਿੱਚ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਕੇਸ ਦੀ ਜਾਂਚ ਕਰ ਰਹੇ ਹਨ। ਦੁਪਹਿਰ ਬਾਅਦ ਪਿੰਡ ਦੇ ਗੁਰਦੁਆਰੇ ਵਿਖੇ ਦੋ ਗੱਡੀਆਂ ਵਿੱਚ ਹਥਿਆਰਾਂ ਨਾਲ ਨਿਹੰਗ ਪਹੰੁਚੇ ਤਾਂ ਰੋਹ ਵਿੱਚ ਆਈ ਪਿੰਡ ਦੀ ਸੰਗਤ ਨਾਲ ਉਨ੍ਹਾ ਦੀ ਝੜਪ ਹੋ ਗਈ। ਇਸ ਮੌਕੇ ਨਿਹੰਗ ਸਿੰਘ ਆਪਣੀ ਬੰਦੂਕ ਤੇ ਸਕਾਰਪੀਓ ਛੱਡ ਕੇ ਦੌੜ ਗਏ। ਲੋਕਾਂ ਦੋਸ਼ ਲਾਇਆ ਕਿ ਨਿਹੰਗ ਸਿੰਘਾਂ ਨੇ ਦਹਿਸ਼ਤ ਪੈਦਾ ਕਰਨ ਲਈ ਹਵਾਈ ਫਾਇਰ ਵੀ ਕੀਤੇ।
ਵਰਨਣ ਯੋਗ ਹੈ ਕਿ ਗੁਰਦੁਆਰਾ ਕਮੇਟੀ ਲਈ ਕਰੀਬ ਛੇ ਮਹੀਨੇ ਤੋਂ ਪਿੰਡ ਦੇ ਦੋ ਧੜੇ ਆਹਮੋ-ਸਾਹਮਣੇ ਹਨ। ਦੋਵਾਂ ਧਿਰ ਨੇ ਆਪਣੀ ਪ੍ਰਬੰਧਕ ਕਮੇਟੀ ਬਣਾ ਲਈ ਤੇ ਬੀਤੀ 23 ਜੁਲਾਈ ਨੂੰ ਦੋਵਾਂ ਧਿਰਾਂ ਨੇ ਗੋਲਕ ਨੂੰ ਤਾਲੇ ਲਾ ਦਿੱਤੇ ਸਨ। ਡੇਢ ਮਹੀਨਾਂ ਪਹਿਲਾਂ 10 ਸਤੰਬਰ ਨੂੰ ਕਾਂਗਰਸ ਵਿਧਾਇਕ ਡਾਕਟਰ ਹਰਜੋਤ ਕਮਲ ਸਮਝੌਤਾ ਕਰਾਉਣ ਗਏ ਤਾਂ ਉਥੇ ਗੁਰਦੁਆਰੇ ਵਿਖੇ ਹੀ ਦੋਵੇਂ ਧਿਰਾਂ ਦੀ ਝੜਪ ਹੋ ਗਈ। ਉਸ ਪਿੱਛੋਂ ਪੁਲਸ ਨੇ ਦੋਵਾਂ ਧਿਰਾਂ ਦੇ 35 ਜਣਿਆਂ ਖਿਲਾਫ ਕੇਸ ਦਰਜ ਕੀਤਾ ਸੀ। ਫਿਰ ਇੱਕ ਧਿਰ ਨੇ ਨਿਹੰਗਾਂ ਨੂੰ ਇਸ ਗੁਰਦੁਆਰੇ ਦੀ ਸੇਵਾ ਲਈ ਆਖ ਦਿੱਤਾ। ਗੁਰਦੁਆਰਾ ਕਮੇਟੀ ਦੇ ਮੈਂਬਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਨਿਹੰਗਾਂ ਨੇ ਉਨ੍ਹਾਂ ਨੂੰ ਡਰ-ਧਮਕਾ ਕੇ ਸਹਿਮਤੀ ਜੋਂ ਦਸਤਖਤ ਕਰਵਾ ਲਏ ਸਨ, ਪਿੰਡ ਦੀ ਸੰਗਤ ਨਹੀਂ ਚਾਹੰੁਦੀ ਕਿ ਗੁਰਦੁਆਰੇ ਦੀ ਸੇਵਾ ਨਿਹੰਗਾਂ ਕੋਲ ਜਾਵੇ।
Comments
Post a Comment