ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ‘ਚ ਸ਼ਾਮਲ ਹੋਏ ਸਿੱਖਾਂ ‘ਤੇ ਕੀ ਕਾਰਵਾਈ ਕਰੇਗਾ ਅਕਾਲ ਤਖ਼ਤ?

(ਜਾਗੋ ਸਿੱਖ ਮੀਡੀਆ ਬਿਊਰੋ) ਸਿੱਖ ਧਰਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖਾਂ ਦੀ ਸਰਵਉੱਚ ਅਦਾਲਤ ਮੰਨਿਆ ਜਾਂਦਾ ਹੈ। ਇੱਥੋਂ ਸਿੱਖਾਂ ਲਈ ਜੋ ਆਦੇਸ਼ ਜਾਰੀ ਹੁੰਦੇ ਹਨ, ਉਨ੍ਹਾਂ ‘ਤੇ ਅਮਲ ਕਰਨਾ ਸਾਰੇ ਸਿੱਖਾਂ ਲਈ ਜ਼ਰੂਰੀ ਹੈ। ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਦੌਰਾਨ ਅਜਿਹਾ ਕਈ ਵਾਰ ਹੋ ਚੁੱਕਿਆ ਹੈ, ਜਿਸ ਵਿਚ ਕੁਝ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਹੁਣ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਰਾਸ਼ਟਰੀ ਸਿੱਖ ਸੰਗਤ ਵੱਲੋਂ 25 ਅਕਤੂਬਰ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਕੋਈ ਵੀ ਸਿੱਖ ਸ਼ਾਮਲ ਨਾ ਹੋਵੇ ਪਰ ਕਈ ਸਿੱਖ ਲੀਡਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਰਵਾਹ ਨਾ ਕਰਦਿਆਂ ਰਾਸ਼ਟਰੀ ਸਿੱਖ ਸੰਗਤ ਦੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਦੱਸ ਦੇਈਏ ਕਿ ਰਾਸ਼ਟਰੀ ਸਿੱਖ ਸੰਗਤ ਆਰਐੱਸਐੱਸ ਦੀ ਹੀ ਇੱਕ ਜਥੇਬੰਦੀ ਹੈ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਨੀਵਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਅਕਾਲ ਤਖ਼ਤ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੰਥਕ ਕਾਰਵਾਈ ਦੀ ਮੰਗ ਕੀਤੀ ਹੈ।

ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਵਿੱਚ ਕੇਂਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ, ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ, ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਸੂਰੀ, ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਸਾਬਕਾ ਮੰਤਰੀ ਹਰਸ਼ਰਨ ਸਿੰਘ ਬੱਲੀ, ਹਰਵਿੰਦਰ ਸਿੰਘ ਲਵਲੀ, ਇੰਦਰਪ੍ਰੀਤ ਸਿੰਘ ਬਖਸ਼ੀ ਤੇ ਤਖ਼ਤ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵਿਧਾਇਕ ਤਾਰਾ ਸਿੰਘ, ਬਖਸ਼ੀਸ਼ ਸਿੰਘ ਹਰਿਆਣਾ ਸ਼ਾਮਲ ਹੋਏ ਸਨ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਿੱਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਸੀ। ਇਸ ਬਾਰੇ ਸ੍ਰੀ ਅਕਾਲ ਤਖ਼ਤ ਤੋਂ ਸਮੁੱਚੀ ਸਿੱਖ ਕੌਮ ਨੂੰ ਇਸ ਸਮਾਗਮ ਦਾ ਬਾਈਕਾਟ ਕਰਨ ਦੀ ਹਦਾਇਤ ਕੀਤੀ ਗਈ ਸੀ ਪਰ ਕੁਝ ਸਿੱਖ ਆਗੂਆਂ ਨੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਤਾਂ ਅਕਾਲ ਤਖ਼ਤ ਸਾਹਿਬ ਕੋਲ ਸ਼ਿਕਾਇਤ ਕਰ ਦਿੱਤੀ ਹੈ ਪਰ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੇ ਹਨ, ਇਹ ਦੇਖਣਾ ਹੋਵੇਗਾ ਕਿਉਂਕਿ ਜਦੋਂ ਸਿੱਖਾਂ ਨੂੰ ਇਸ ਸਮਾਗਮ ਵਿਚ ਜਾਣ ਤੋਂ ਮਨ੍ਹਾਂ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਤਾਂ ਇਸ ਦੇ ਵਿਰੁੱਧ ਉਸ ਸਮਾਗਮ ਵਿਚ ਜਾਣ ਵਾਲਿਆਂ ਨੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕੀਤਾ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ਸਿੱਖ ਨੇਤਾਵਾਂ ਵਿਰੁੱਧ ਕੀ ਕਾਰਵਾਈ ਕੀਤੀ ਜਾਂਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।

Comments