ਬਠਿੰਡਾ:(ਜਾਗੋ ਸਿੱਖ ਮੀਡੀਆ ਬਿੳੂਰੋ) ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫੈਸਲੇ ਮਗਰੋਂ ਲਗਾਤਾਰ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਇਸ ਦੇ ਚੱਲਦਿਆਂ ਅੱਜ ਬਠਿੰਡਾ ਵਿੱਚ ਥਰਮਲ ਪਲਾਂਟ ਦੇ ਬਾਹਰ ਮੁਲਾਜ਼ਮਾਂ ਨੇ ਵੱਡੀ ਗਿਣਤੀ ਇਕੱਠੇ ਹੋ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵੱਲ਼ੋਂ ਮਾਰਚ ਵੀ ਕੱਢਿਆ ਗਿਆ ਜੋ ਥਰਮਲ ਪਲਾਂਟ ਤੋਂ ਸ਼ੁਰੂ ਹੋ ਕੇ ਸਿਵੀਆਂ ਤੋਂ ਨਹੀਆਂਵਾਲਾ ਰਾਹੀਂ ਗੋਨਿਆਣਾ ਮੰਡੀ ਹੁੰਦਾ ਹੋਇਆ ਗਿਲਪੱਤੀ, ਭੋਖੜਾ ਤੋਂ ਵਾਪਸ ਆ ਕੇ ਬਠਿੰਡਾ ਪਹੁੰਚਿਆ।
ਇਸ ਦੌਰਾਨ ਥਰਮਲ ਬੰਦ ਦੇ ਫੈਸਲੇ ਨਾਲ ਕਈਆਂ ਦੀ ਕਿਸਮਤ ਦੇ ਦਰਵਾਜ਼ੇ ਬੰਦ ਹੋਣੇ ਸ਼ੁਰੂ ਹੋ ਗਏ ਹਨ। ਥਰਮਲ ਵਿੱਚ ਕੰਮ ਕਰਦੇ ਦੋ ਕਾਮਿਆਂ ਦੇ ਰਿਸ਼ਤੇ ਟੁੱਟ ਗਏ ਹਨ। ਵਰਮਾ ਦੀਨ ਤੇ ਸਰਬਜੀਤ ਥਰਮਲ ਪਲਾਂਟ ਵਿੱਚ ਕੱਚੇ ਕਰਮਚਾਰੀ ਵਜੋਂ ਕੰਮ ਕਰਦੇ ਹਨ। ਉਸੇ ਨੌਕਰੀ ਦੇ ਸਿਰ ਇਹ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਸਨ ਪਰ ਜਿਉਂ ਹੀ ਥਰਮਲ ਬੰਦ ਕਰਨ ਦਾ ਫੈਸਲਾ ਆਇਆ ਤੇ ਦੋਵਾਂ ਦੇ ਸਹੁਰਾ ਪਰਿਵਾਰਾਂ ਨੇ ਰਿਸ਼ਤੇ ਤੋਂ ਨਾ ਕਰ ਦਿੱਤੀ।
ਵਰਮਾ ਦੀਨ ਦਾ ਦਸ ਜਨਵਰੀ ਨੂੰ ਵਿਆਹ ਹੋਣ ਵਾਲਾ ਸੀ ਪਰ ਥਰਮਲ ਬੰਦ ਕਰਨ ਦੇ ਇਸ ਫੈਸਲੇ ਨਾਲ ਇਨ੍ਹਾਂ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਨੇ ਹੁਣ ਤਾਂ ਇਨ੍ਹਾਂ ਨੂੰ ਨੌਕਰੀ ਲਈ ਸੰਘਰਸ਼ ਤੋਂ ਇਲਾਵਾ ਕੋਈ ਵੀ ਹੋਰ ਰਾਹ ਨਹੀਂ ਵਿਖਾਈ ਦੇ ਰਿਹਾ।
Comments
Post a Comment