ਕੋਟਕਪੂਰਾ: (ਜਾਗੋ ਸਿੱਖ ਮੀਡੀਆ )ਬੇਅਦਬੀ ਮਾਮਲੇ ਦੀ ਜਾਂਚ ਵਿੱਚ ਜੁਟੀ ਐਸਆਈਟੀ ਨੇ ਸਾਫ ਕੀਤਾ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੀ ਚੋਰੀ ਤੇ ਬਰਗਾੜੀ ਵਿੱਚ ਹੋਈ ਬੇ-ਅਦਬੀ ਦੇ ਸਿੱਧੇ ਸਬੰਧ ਡੇਰਾ ਸਮਰਥਕਾਂ ਨਾਲ ਜੁੜੇ ਹਨ। ਐਸਆਈਟੀ ਮੁਤਾਬਕ ਇਸ ਦਾ ਮੁੱਖ ਸਾਜਿਸ਼ਘਾੜਾ ਕੋਟਕਪੂਰਾ ਨਿਵਾਸੀ ਮਹਿੰਦਰ ਪਾਲ ਬਿੱਟੂ ਹੀ ਹੈ, ਜਿਸ ਨੂੰ ਪੁਲਿਸ ਪਹਿਲਾਂ ਹੀ ਮਲਕੇ ਅਤੇ ਗੁਰੂਸਰ ਭਗਤਾ ਬੇਅਦਬੀ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਚੁੱਕੀ ਹੈ। ਪਰ ਵਿਸ਼ੇਸ਼ ਜਾਂਚ ਟੀਮ ਨੂੰ ਹਾਲੇ ਤਕ ਪੁਖ਼ਤਾ ਸਬੂਤ ਨਹੀਂ ਮਿਲ ਰਹੇ। ਅੱਜ ਵੀ ਪੁਲਿਸ ਨੇ ਜੇਸੀਬੀ ਤੇ ਹੋਰ ਮਸ਼ੀਨਾਂ ਰਾਹੀਂ ਡਰੇਨ ਦੀ ਤਲਾਸ਼ੀ ਲਈ ਗਈ, ਪਰ ਕੁਝ ਹੱਥ ਨਹੀਂ ਲੱਗਾ।
ਐਸਆਈਟੀ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਅੱਜ ਦੱਸਿਆ ਕਿ ਬਿੱਟੂ ਨੇ ਮੰਨਿਆ ਹੈ ਕਿ ਉਹ ਇਸ ਘਟਨਾ ਪਿੱਛੇ ਮੁੱਖ ਸਾਜਿਸ਼ਕਰਤਾ ਸੀ। ਬਿੱਟੂ ਦੇ ਬਿਆਨਾ ਤੋਂ ਬਾਅਦ ਪਹਿਲਾਂ ਕੋਟਕਪੂਰੇ ਦੇ ਨਾਮ ਚਰਚਾ ਘਰ ਦੀ ਤੇ ਫਿਰ ਫ਼ਰੀਦਕੋਟ ਤੋਂ ਲੰਘਣ ਵਾਲੀਆਂ ਨਹਿਰਾਂ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਅੱਜ ਕੋਟਕਪੂਰੇ ਦੇ ਦੇਵੀ ਵਾਲਾ ਰੋਡ ‘ਤੇ ਸਵੇਰੇ ਤਿੰਨ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਕਰੀਬ ਪੰਜ ਘੰਟੇ ਤਕ ਜੇਸੀਬੀ ਤੇ ਸਕਸ਼ਨ ਮਸ਼ੀਨ ਦੁਆਰਾ ਡਰੇਨ ਦਾ ਪਾਣੀ ਰੋਕ ਕੇ ਸਰਚ ਕੀਤੀ ਗਈ। ਹਾਲਾਂਕਿ ਇਸ ਦੌਰਾਨ ਕੋਈ ਵੀ ਅਜਿਹੀ ਚੀਜ਼ ਨਹੀਂ ਮਿਲੀ।
ਡੀਆਈਜੀ ਖੱਟੜਾ ਨੇ ਕਿਹਾ ਕਿ ਉਹ ਪਾਣੀ ਦਾ ਸੈਂਪਲ ਲੈ ਕੇ ਜਾਂਚ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਇਹ ਪਤਾ ਲਾਇਆ ਜਾ ਕੇ ਕਿ ਇਸ ਪਾਣੀ ਵਿੱਚ ਕੱਪੜਾ ਜਾਂ ਕਾਗਜ਼ ਕਿੰਨੀ ਦੇਰ ਤਕ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਮਹਿੰਦਰ ਪਾਲ ਬਿੱਟੂ ਇਹੀ ਕਹਿ ਰਿਹਾ ਸੀ ਦੇ ਉਸ ਨੇ ਪਾਵਨ ਬੀੜ ਦਾ ਨਾਮ ਚਰਚਾ ਘਰ ਵਿੱਚ ਸੰਸਕਾਰ ਕਰ ਦਿੱਤਾ ਹੈ, ਪਰ ਸਾਨੂੰ ਤਲਾਸ਼ੀ ਦੌਰਾਨ ਉੱਥੇ ਕੋਈ ਅਜਿਹਾ ਪ੍ਰਮਾਣ ਨਹੀਂ ਮਿਲਿਆ
ਉਨ੍ਹਾਂ ਕਿਹਾ ਕਿ ਇਸ ਸਬੰਧੀ ਸੀਬੀਆਈ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਕਿਉਂਕਿ ਉਹ ਬਰਗਾੜੀ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬਿੱਟੂ ਸਣੇ ਛੇ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਦਕਿ ਹੁਣ ਦੋ ਹੋਰ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।
Comments
Post a Comment