ਫੇਸਬੁੱਕ ਅਤੇ ਵੈਬਸਾਈਟ ਦੀਆਂ ਸਹੂਲਤਾਂ ਦੀ ਸਾਰਥਿਕ ਢੰਗ ਨਾਲ ਅਤੇ ਦਲੀਲ ਨਾਲ ਵਰਤੋਂ ਕੀਤੀ ਜਾਵੇ, ਤਾਂ ਇਹ ਸਹੂਲਤਾਂ ਸਮਾਜ ਨੂੰ ਬਹੁਤ ਅੱਛੀ ਅਗਵਾਈ ਦੇ ਸਕਦੀਆਂ ਹਨ: ਮਾਨ
ਫਤਹਿਗੜ੍ਹ ਸਾਹਿਬ, 30 ਜੁਲਾਈ ( ਜਾਗੋ ਸਿੱਖ ਮੀਡੀਅਾ ) “ਜੋ ਫੇਸਬੁੱਕ ਅਤੇ ਵੈਬਸਾਈਟ ਦੀਆਂ ਅਗਾਂਹਵਧੂ ਤਕਨੀਕਾਂ ਅਤੇ ਕਾਢਾਂ ਸਾਇੰਸ ਦੇ ਜ਼ਰੀਏ ਹੋਂਦ ਵਿਚ ਆਈਆਂ ਹਨ, ਇਹ ਸਮੁੱਚੇ ਸੰਸਾਰ ਨੂੰ ਇਕ ਪਿੰਡ ਦਾ ਰੂਪ ਦੇਣ ਵਿਚ ਵੱਡੀ ਸਹਾਈ ਬਣ ਰਹੀਆਂ ਹਨ। ਪਰ ਦੁੱਖ ਅਤੇ ਅਫਸੋਸ ਹੈ ਕਿ ਇਹਨਾਂ ਤਕਨੀਕੀ ਕਾਢਾਂ ਦੀ ਜੋ ਅੱਜ ਗਲੋਬਲ ਪੱਧਰ ‘ਤੇ ਵਰਤੋਂ ਹੋ ਰਹੀ ਹੈ, ਉਹ ਗੈਰ ਦਲੀਲ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਕੇ ਸਮਾਜਿਕ, ਮੁਲਕੀ, ਕੌਮੀ ਅਤੇ ਧਰਮੀ ਕੁੜੱਤਣ ਵਿਚ ਤੇਜੀ ਨਾਲ ਵਾਧਾ ਕਰ ਰਹੀ ਹੈ। ਜਿਸ ਨਾਲ ਸਮੁੱਚੇ ਸੰਸਾਰ , ਮੁਲਕਾਂ, ਕੌਮਾਂ, ਧਰਮਾਂ ਅਤੇ ਵਿਅਕਤੀਆਂ ਵਿਚ ਪਾੜਾ ਵਧਣ ਦਾ ਜਿਆਦਾ ਡਰ ਪੈਦਾ ਹੋ ਗਿਆ ਹੈ। ਇਸ ਲਈ ਜੇਕਰ ਇਹਨਾਂ ਉਪਰੋਕਤ ਸਾਇੰਸ ਦੀਆਂ ਤਕਨੀਕਾਂ ਦੀ ਵਰਤੋਂ ਕਰਨ ਵਾਲੇ ਇਨਸਾਨ ਬਾਦਲੀਲ ਢੰਗ ਨਾਲ ਆਪਣੀ ਕਹਿਣ ਦੀ ਰਵਾਇਤ ਬਣਾ ਲੈਣ ਤਾਂ ਇਸ ਨਾਲ ਜਿੱਥੇ ਗਲੋਬਲ ਤੌਰ ‘ਤੇ ਸਭ ਕੌਮਾਂ, ਧਰਮਾਂ, ਮੁਲਕਾਂ ਅਤੇ ਵਰਗਾਂ ਨੂੰ ਇਕ ਦੂਸਰੇ ਨੂੰ ਸਮਝਣ ਅਤੇ ਇਕ ਦੂਸਰੇ ਨਾਲ ਸਹਿਜ ਅਤੇ ਗੰਭੀਰਤਾ ਭਰੇ ਤਰੀਕੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਅਮਲ ਪ੍ਰਫੁੱਲਿਤ ਹੋਣਗੇ। ਜਿਸ ਨਾਲ ਸਮੁੱਚੇ ਸੰਸਾਰ ਦਾ ਭਰਾਤਰੀ ਭਾਵ, ਪਿਆਰ, ਮਿਲਵਰਤਣ ਵਿਚ ਢੇਰ ਸਾਰਾ ਵਾਧਾ ਹੋ ਸਕੇਗਾ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫੇਸਬੁੱਕ, ਵੈਬਸਾਈਟਾਂ ਅਤੇ ਸੋਸ਼ਲ ਸਾਈਟਾਂ ਦੀ ਸਹੀ ਦਿਸ਼ਾ ਵੱਲ ਅਤੇ ਬਾਦਲੀਲ ਢੰਗ ਨਾਲ ਸੰਸਾਰ ਦੇ ਸਮੁੱਚੇ ਨਿਵਾਸੀਆਂ, ਕੌਮਾਂ, ਧਰਮਾਂ ਅਤੇ ਫਿਰਕਿਆਂ ਅਤੇ ਹਕੂਮਤਾਂ ਨੂੰ ਵਰਤੋਂ ਕਰਨ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਅਸੀਂ ਕਿਸੇ ਵੀ ਵਿਸ਼ੇ ਜਾਂ ਮੁੱਦੇ ਉਤੇ ਦਲੀਲ ਨਾਲ ਗੱਲ ਕਰਾਂਗੇ ਤਾਂ ਜਿਹੜੀ ਚੀਜ਼ ਨਹੀਂ ਹੋ ਸਕਦੀ, ਉਸ ਨੂੰ ਦਲੀਲ ਨਾਲ ਗੱਲ ਕਰਕੇ ਅਸੀਂ ਪੂਰਨ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਜਦੋਂ ਮੈਂ ਹਿੰਦੂਤਵ ਹੁਕਮਰਾਨਾਂ ਦੀਆਂ ਕਾਲਕੋਠੜੀਆਂ ਦੀ ਭਾਗਲਪੁਰ ਜੇਲ੍ਹ ਵਿਚ ਬੰਦੀ ਸੀ ਤਾਂ Aਸੁ ਸਮੇਂ ਮੇਰੇ ਕੇਸ ਦੀ ਪੈਰਵੀ ਇਕ ਬਹੁਤ ਹੀ ਸੂਝਵਾਨ ਅਤੇ ਸਤਿਕਾਰਯੋਗ ਹਰਮਨ ਪਿਆਰੇ ਬੰਗਾਲ ਦੇ ਵਕੀਲ ਸ਼੍ਰੀ ਵੀਨੂੰ ਬੈਨਰਜੀ ਕਰ ਰਹੇ ਸਨ। ਜਦੋਂ ਮੈਂ ਪੰਜ ਸਾਲ ਬਾਅਦ ਰਿਹਾਅ ਹੋਇਆ ਤਾਂ ਮੈਂ ਸ਼੍ਰੀ ਬੈਨਰਜੀ ਨੂੰ ਉਹਨਾਂ ਵੱਲੋਂ ਅਪਣਾਏ ਗਏ ਕਾਨੂੰਨੀਂ ਢੰਗ ਦੇ ਅਮਲਾਂ ਤੋਂ ਕਾਇਲ ਹੁੰਦੇ ਹੋਏ ਅਤੇ ਉਹਨਾਂ ਦੀ ਸੂਝਵਾਨਤਾ ਉਤੇ ਫਖਰ ਕਰਦੇ ਹੋਏ ਕਿਹਾ ਕਿ ਆਪ ਜੀ ਮੈਨੂੰ ਆਪਣੇ ਤਜਰਬਿਆਂ ‘ਤੇ ਆਧਾਰਿਤ ਸਲਾਹ-ਮਸ਼ਵਰਾ ਦਿਓ। ਉਹਨਾਂ ਨੇ ਮੈਨੂੰ ਬਹੁਤ ਹੀ ਸਹਿਜ ਤਰੀਕੇ ਕਿਹਾ ਕਿ ਜਿਹੜਾ ਇਨਸਾਨ ਆਪਣੀ ਗੱਲ ਨੂੰ ਦਲੀਲ ਨਾਲ ਕਰੇ, ਫਿਰ ਉਹ ਆਪਣੀ ਜਿੰਦਗੀ ਵਿਚ ਕਿਸੇ ਵੀ ਇਮਤਿਹਾਨ ਵਿਚ ਫੇਲ੍ਹ ਨਹੀਂ ਹੁੰਦਾ। ਉਹਨਾਂ ਵੱਲੋਂ ਦਿੱਤੇ ਨੇਕ ਅਤੇ ਕੀਮਤੀ ਮਸ਼ਵਰੇ ਦੀ ਬਦੌਲਤ ਹੀ ਮੇਰੇ ਉਤੇ ਹੁਣ ਤੱਕ ਚਲਾਏ ਗਏ 85 ਭਿਆਨਕ ਕੇਸਾਂ ਦਾ ਮੈਂ ਦ੍ਰਿੜ੍ਹਤਾ ਨਾਲ ਸਾਹਮਣਾ ਵੀ ਕੀਤਾ ਹੈ ਅਤੇ ਸਭ ਕੇਸਾਂ ਵਿਚੋਂ ਮੈਂ ਬਾਇਜ਼ੱਤ ਬਰੀ ਵੀ ਹੋਇਆ ਹਾਂ। ਜਦੋਂ ਕਿ ਇਹ ਸਾਰੇ ਉਪਰੋਕਤ 85 ਕੇਸਾਂ ਵਿਚ ਮੇਰੇ ਵੱਲੋਂ ਕਿਸੇ ਜੁਰਮ ਜਾਂ ਅਪਰਾਧ ਨੂੰ ਆਧਾਰ ਬਣਾ ਕੇ ਨਹੀਂ ਦਰਜ ਕੀਤੇ ਗਏ, ਬਲਕਿ ਮੇਰੇ ਵੱਲੋਂ ਦਿੱਤੇ ਗਏ ਬਿਆਨਾਂ ਜਾਂ ਮੇਰੇ ਵੱਲੋਂ ਕੀਤੀਆਂ ਗਈਆਂ ਤਕਰੀਰਾਂ ਵਿਚੋਂ ਮੰਦਭਾਵਨਾਂ ਅਧੀਨ ਗੈਰ ਦਲੀਲ ਅੰਸ਼ਾਂ ਨੂੰ ਆਧਾਰ ਬਣਾਕੇ ਦਰਜ ਕੀਤੇ ਗਏ ਸਨ। ਇਸ ਲਈ ਹੀ ਮੈਂ ਇਹਨਾਂ 85 ਕੇਸਾਂ ਵਿਚੋਂ ਬਰੀ ਹੋਇਆ ਹਾਂ। ਕਿਉਂ ਕਿ ਮੇਰੇ ਉਤੇ ਬਣਾਏ ਗਏ ਸਭ ਕੇਸ ਨਿਰਆਧਾਰ ਅਤੇ ਦਲੀਲ ਰਹਿਤ ਸਨ। ਬੇਸ਼ੱਕ ਹੁਕਮਰਾਨਾਂ ਨੇ ਮੈਨੂੰ ਇਹਨਾਂ ਉਪਰੋਕਤ ਕੇਸਾਂ ਵਿਚ ਊਲਝਾਂ ਕੇ ਮੈਨੂੰ ਮੇਰੀ ਸੋਚ , ਨਿਸ਼ਾਨੇ ਆਦਿ ਤੋਂ ਥਿੜਕਾਉਣ ਦੀ ਅਸਫ਼ਲ ਕੋਸ਼ਿਸ਼ ਕਿਉਂ ਨਾ ਕੀਤੀ ਹੋਵੇ, ਪਰ ਉਹ ਹਰ ਤਰ੍ਹਾਂ ਦੀ ਵੱਡੀ ਤਾਕਤ , ਸਾਧਨ ਅਤੇ ਸਾਜਿਸ਼ਾਂ ਦੇ ਮਾਲਕ ਹੁੰਦੇ ਹੋਏ ਵੀ ਮੈਨੂੰ ਨਾ ਤਾਂ ਫਸਾ ਸਕੇ ਅਤੇ ਨਾ ਹੀ ਮੇਰੀ ਦਲੀਲ ਨੂੰ ਗੈਰ ਦਲੀਲ ਸਾਬਿਤ ਕਰ ਸਕੇ। ਜਦੋਂ ਕਿ ਮੈਂ ਪਹਿਲੇ ਵੀ ਅਤੇ ਅੱਜ ਵੀ ਨਿਰੰਤਰ ਖੁਲ੍ਹੇ ਰੂਪ ਵਿਚ ਆਪਣੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਗੱਲ ਬਾਦਲੀਲ ਢੰਗ ਨਾਲ ਕਰਦਾ ਆ ਰਿਹਾ ਹਾਂ। ਹਿੰਦ ਦੀ ਸੁਪਰੀਮ ਕੋਰਟ ਨੇ ਸਾਡੇ ਵੱਲੋਂ ਬਾਦਲੀਲ ਢੰਗ ਨਾਲ ਤਕਰੀਰਾਂ ਕਰਨ, ਖਾਲਿਸਤਾਨ ਦੀ ਗੱਲ ਕਰਨ, ਪ੍ਰਚਾਰ ਕਰਨ ਅਤੇ ਇਸ ਸੰਬੰਧੀ ਸਮੱਗਰੀ ਛਪਵਾ ਕੇ ਵੰਡਣ ਆਦਿ ਦੀ ਗੱਲ ਨੂੰ ਗੈਰ ਕਾਨੂੰਨੀਂ ਪ੍ਰਵਾਨ ਨਹੀਂ ਕੀਤਾ। ਭਲਕਿ ਸਾਨੂੰ ਸੁਪਰੀਮ ਕੋਰਟ ਨੇ ਅਜਿਹਾ ਕਰਨ ਦੀ ਕਾਨੂੰਨੀਂ ਖੁੱਲ੍ਹ ਦੇ ਦਿੱਤੀ ਹੈ। ਅਜਿਹਾ ਦਲੀਲ ਨਾਲ ਗੱਲ ਕਰਨ ਦੀ ਬਦੌਲਤ ਹੀ ਸੰਭਵ ਹੋਇਆ ਹੈ।
ਸ਼ ਮਾਨ ਨੇ ਕਿਹਾ ਕਿ ਜਦੋਂ ਅਸੀਂ ਅਟਾਰੀ ਬਾਰਡਰ ‘ਤੇ ਹਜਾਰਾਂ ਦੀ ਗਿਣਤੀ ਵਿਚ ਵੱਡਾ ਇਕੱਠ ਕਰਕੇ ਪੰਜਾਬੀ ਅਤੇ ਸਿੱਖ ਵਪਾਰੀਆਂ , ਜਿੰਮੀਦਾਰਾਂ, ਕਾਰੋਬਾਰੀਆਂ, ਮਜ਼ਦੂਰਾਂ ਅਤੇ ਹਰ ਵਰਗ ਦੀ ਮਾਲੀ ਹਾਲਤ ਨੂੰ ਮਜ਼ਬੂਤ ਬਣਾਉਣ ਹਿੱਤ ਵੱਡੀ ਰੈਲੀ ਕਰਦੇ ਹੋਏ ਪਾਕਿਸਤਾਨ ਦੀਆਂ ਸਰਹੱਦਾਂ ਨੂੰ ਵਪਾਰ ਅਤੇ ਕਾਰੋਬਾਰ ਲਈ ਖੋਲ੍ਹਣ ਲਈ ਆਵਾਜ਼ ਬੁਲੰਦ ਕੀਤੀ ਤਾਂ ਉਸ ਸਮੇਂ ਸਮੁੱਚੇ ਹਿੰਦੂਤਵ ਸੋਚ ਵਾਲੇ ਅਖ਼ਬਾਰਾਂ ਅੰਗਰੇਜ਼ੀ ਟ੍ਰਿਬਿਊਨ, ਅਜੀਤ ਆਦਿ ਹੋਰ ਮੀਡੀਏ ਨੇ ਮੈਨੂੰ ਨਿਰਆਧਾਰ ਗੱਲਾਂ ਦਾ ਸਹਾਰਾ ਲੈ ਕੇ “ਪਾਗਲ” ਕਹਿਣ ਦਾ ਖੂਬ ਰੌਲਾ ਪਾਇਆ। ਲੇਕਿਨ ਅੱਜ ਸਾਰੇ ਹਿੰਦੂਤਵ ਹੁਕਮਰਾਨ ਹਕੂਮਤਧ, ਮੀਡੀਆ ਅਤੇ ਅਖ਼ਬਾਰ ਉਹਨਾਂ ਸਰਹੱਦਾਂ ਨੂੰ ਖੌਲ੍ਹਣ ਦੀ ਗੱਲ ਇਸ ਲਈ ਕਰ ਰਹੇ ਹਨ, ਕਿ ਅਸੀਂ ਇਹ ਮੰਗ ਦਲੀਲ ਸਹਿਤ ਕੀਤੀ ਸੀ ਅਤੇ ਪੰਜਾਬੀਆਂ, ਸਿੱਖਾਂ ਅਤੇ ਪਾਕਿਸਤਾਨੀਆਂ ਦੇ ਆਪਸੀ ਕਾਰੋਬਾਰਾਂ ਨੂੰ ਵਧਾਉਣ ਅਤੇ ਬੀਤੇ ਲੰਮੇ ਸਮੇਂ ਤੋਂ ਗਵਾਂਢੀ ਮੁਲਕ ਨਾਲ ਬਣੇ ਕੁੜੱਤਣ ਵਾਲੇ ਮਹੌਲ ਨੂੰ ਸਾਂਤ ਕਰਨ ਲਈ ਕੀਤੀ ਸੀ। ਜਿਸ ਦੀ ਅੱਜ ਸਭ ਵਕਾਲਤ ਕਰ ਰਹੇ ਹਨ। ਇਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜਰੀਵਾਲ ਜਦੋਂ ਇਹ ਕਹਿ ਰਹੇ ਹਨ ਕਿ ਮੇਰੀ ਜਾਨ ਨੂੰ ਹਿੰਦ ਦੇ ਵਜੀਰੇ ਆਜ਼ਮ ਤੋਂ ਖਤਰਾ ਹੈ, ਤਾਂ ਅਸੀਂ ਸ਼੍ਰੀ ਕੇਜਰੀਵਾਲ ਨੂੰ ਇਹ ਸਲਾਹ ਦਿੱਤੀ ਸੀ ਕਿ ਜੇਕਰ ਊਹਨਾਂ ਜੀ ਜਾਨ ਨੂੰ ਵਾਕਿਆ ਹੀ ਖਤਰਾ ਹੈ ਤਾਂ ਉਹ ਬਿਆਨਬਾਜ਼ੀ ਕਰਨ ਦੀ ਬਜਾਏ ਆਪਣੇ ਦਿੱਲੀ ਹਕੂਮਤ ਨਾਲ ਸੰਬੰਧਤ ਸਭ ਵਜੀਰਾਂ, ਐਮ ਐਲ ਏਜ਼ ਦਾ ਇਜਲਾਸ ਸੱਦਣ ਅਤੇ ਉਸ ਵਿਚ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਆਪਣੀ ਜਾਨ ਦੇ ਖਤਰੇ ਵਾਲਾ ਮਤਾ ਪਾਸ ਕਰਵਾ ਕੇ , ਉਸ ਨੂੰ ਮੋਦੀ ਹਕੂਮਤ ਅਤੇ ਯੂ ਐਨ ਓ ਨੂੰ ਭੇਜਣ। ਤਾਂ ਕਿ ਇਸ ਗੰਭੀਰ ਮੁੱਦੇ ਉਤੇ ਮੋਦੀ ਹਕੂਮਤ ਉਤੇ ਕੌਮਾਂਤਰੀ ਅਦਾਲਤ ਵਿਚ ਕਾਰਵਾਈ ਹੋ ਸਕੇ ਅਤੇ ਉਹਨਾਂ ਦੀ ਸਹੀ ਢੰਗ ਨਾਲ ਬਾਦਲੀਲ ਤਰੀਕੇ ਹਿਫਾਜਤ ਹੋ ਸਕੇ। ਇਸੇ ਤਰ੍ਹਾਂ ਕੇਜਰੀਵਾਲ ਨੇ ਇਹ ਵੀ ਕਿਹਾ ਸੀ ਕਿ ਮੈਂ 1984 ਦੇ ਸਮੇਂ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਦਾ ਇਨਸਾਫ਼ ਕਰਨਾ ਚਾਹੁੰਦਾ ਹਾਂ ਪਰ ਮੋਦੀ ਹਕੂਮਤ ਇਸ ਵਿਚ ਰੁਕਾਵਟ ਬਣੀ ਹੋਈ ਹੈ। ਅਸੀਂ ਸੁਝਾਅ ਦਿੱਤਾ ਸੀ ਕਿ ਜੇ ਸ਼੍ਰੀ ਕੇਜਰੀਵਾਲ ਵਾਕਿਆ ਹੀ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਅਤੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਲਈ ਸੁਹਿਰਦ ਹਨ ਤਾਂ ਉਹ ਸੁਪਰੀਮ ਕੋਰਟ ਦੇ ਤਿੰਨ ਜੱਜਾਂ ‘ਤੇ ਆਧਾਰਿਤ ਸਿੱਖਾਂ ਨੂੰ ਇਨਸਾਫ਼ ਦੇਣ ਲਈ ਕਮੀਸ਼ਨ ਕਾਇਮ ਕਰਨ ਦਾ ਐਲਾਨ ਆਪਣੇ ਤੌਰ ‘ਤੇ ਕਰ ਸਕਦੇ ਹਨ, ਜਿਸ ਵਿਚ ਮੋਦੀ ਹਕੂਮਤ ਦੀ ਕੋਈ ਪ੍ਰਵਾਨਗੀ ਲੈਣ ਦੀ ਉਹਨਾਂ ਨੂੰ ਲੋੜ ਨਹੀਂ, ਤਾਂ ਕਿ ਪ੍ਰਭਾਵਿਤ ਸਿੱਖ ਪੀੜਿਤ ਪਰਿਵਾਰ ਇਹਨਾਂ ਜੱਜਾਂ ਕੋਲ ਪੇਸ਼ ਹੋ ਕੇ ਆਪਣੇ ਬਿਆਨਾਂ ਨੂੰ ਕਲਮਬੱਧ ਕਰਵਾ ਸਕਣ ਅਤੇ ਊਹਨਾਂ ਬਿਆਨਾਂ ‘ਤੇ ਆਧਾਰਿਤ ਇਕ ਤਿੰਨ ਮੈਂਬਰੀ ਜੱਜਾਂ ਦਾ ਕਮਿਸ਼ਨ ਕਾਤਲਾਂ ਅਤੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਹਿੰਦ ਦੇ ਕਾਨੂੰਨ ਅਨੁਸਾਰ ਸਜਾਵਾਂ ਦੇਣ ਦਾ ਐਲਾਨ ਕਰ ਸਕਣ। ਪਰ ਸ਼੍ਰੀ ਕੇਜਰੀਵਾਲ ਨੇ ਕਿਊਂ ਕਿ ਊਪਰੋਕਤ ਦੋਵੇਂ ਗੱਲਾਂ ਗੈਰ ਦਲੀਲ ਢੰਗਾਂ ਨਾਲ ਕੀਤੀਆਂ ਸਨ ਅਤੇ ਅਸੀਂ ਦਲੀਲ ਨਾਲ ਉਹਨਾਂ ਨੂੰ ਸੁਝਾਅ ਭੇਜ ਕੇ ਅਮਲ ਕਰਨ ਦੀ ਬੇਨਤੀ ਕੀਤੀ ਸੀ । ਜਿਸ ਵਿਚ ਉਹ ਦੋਵੇਂ ਗੰਭੀਰ ਮੁੱਦਿਆਂ ਉਤੇ ਭੱਜ ਹੀ ਨਹੀਂ ਗਏ ਅਤੇ ਬਲਕਿ ਸਾਡੀਆਂ ਬਾਦਲੀਲ ਗੱਲਾਂ ਦਾ ਜਵਾਬ ਦੇਣ ਤੋਂ ਅਸਮਰੱਥ ਹਨ। ਇਸ ਲਈ ਮੈਂ ਫੇਸਬੁੱਕ, ਵੈਬਸਾਈਟ ਅਤੇ ਸੋਸ਼ਲ ਮੀਡੀਏ ਦੀ ਵਰਤੋਂ ਕਰਨ ਵਾਲੇ ਇਨਸਾਨਾਂ , ਆਗੂਆਂ ਆਦਿ ਨੂੰ ਇਹ ਪੁਰਜੋਰ ਬੇਨਤੀ ਕਰਦਾ ਹਾਂ ਕਿ ਊਪਰੋਕਤ ਤਿੰਨੇ ਸਾਇੰਸ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਬਾਦਲੀਲ ਢੰਗ ਨਾਲ ਆਪਣੇ ਵਿਚਾਰ ਵਟਾਂਦਰੇ ਕਰਨ । ਤਾਂ ਜੋ ਇਹਨਾਂ ਦੇ ਰਾਹੀਂ ਸੰਸਾਰ ਪੱਧਰ ‘ਤੇ ਵੱਖ ਵੱਖ ਮੁਲਕਾਂ, ਹੁਕਮਰਾਨਾਂ, ਧਰਮਾਂ, ਕੌਮਾਂ ਆਦਿ ਵਿਚ ਵੱਧਦੀ ਜਾ ਰਹੀ ਕੁੜੱਤਣ ਨੂੰ ਰੋਕਣ ਵਿਚ ਸਹਾਈ ਹੋ ਸਕੇ ਅਤੇ ਅਸੀਂ ਸਭ ਆਪਣੀ ਗੱਲ ਨੂੰ ਬਾਦਲੀਲ ਢੰਗ ਨਾਲ ਕਹਿਣ ਦੇ ਸਮਰੱਥ ਬਣ ਸਕੀਏ ਅਤੇ ਸਮਾਜ ਵਿਚ ਪਨਪ ਰਹੀਆਂ ਬੁਰਾਈਆਂ ਨੂੰ ਧੁਰ ਤੋਂ ਖਤਮ ਕਰਨ ਦੇ ਮਿਸ਼ਨ ਦੀ ਪ੍ਰਾਪਤੀ ਕਰਦੇ ਹੋਏ “ਸਰਬੱਤ ਦੇ ਭਲੇ” ਦੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਬੇਹਤਰੀ ਕਰਨ ਵਿਚ ਯੋਗਦਾਨ ਪਾਉਣ ਦੇ ਕਾਬਿਲ ਬਣ ਸਕੀਏ। ਇਹੋ ਹੀ ਇਸ ਮਨੁੱਖੀ ਜਾਮੇ ਦਾ ਅਸਲ ਮਕਸਦ ਹੈ ਅਤੇ ਸਭ ਧਰਮਾਂ ਦੇ ਗ੍ਰੰਥ ਵੀ ਸਾਨੂੰ ਇਹੋ ਆਦੇਸ਼ ਦਿੰਦੇ ਹਨ।